ਆਤਿਸ਼ ਗੁਪਤਾ
ਚੰਡੀਗੜ੍ਹ, 2 ਜਨਵਰੀ
ਚੰਡੀਗੜ੍ਹ ਨਗਰ ਨਿਗਮ ’ਚ ਨਵੇਂ ਕੌਂਸਲਰਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਅਤੇ ਮੀਤ ਪ੍ਰਧਾਨ ਦਵਿੰਦਰ ਬਬਲਾ ਵਿਚਕਾਰ ਹੋਈ ਬਹਿਸ ਤੋਂ ਬਾਅਦ ਕਾਂਗਰਸ ਨੇ ਦਵਿੰਦਰ ਬਬਲਾ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਹੈ। ਕਾਂਗਰਸ ਪਾਰਟੀ ਦੇ ਆਦੇਸ਼ ਆਉਣ ਦੇ ਨਾਲ ਹੀ ਦਵਿੰਦਰ ਸਿੰਘ ਬਬਲਾ ਆਪਣੀ ਕੌਂਸਲਰ ਪਤਨੀ ਹਰਪ੍ਰੀਤ ਕੌਰ ਬਬਲਾ ਨਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਦਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਸੰਸਦ ਮੈਂਬਰ ਕਿਰਨ ਖੇਰ ਨੇ ਪਾਰਟੀ ਵਿੱਚ ਸਵਾਗਤ ਕੀਤਾ। ਇਸ ਮੌਕੇ ਭਾਜਪਾ ਪ੍ਰਧਾਨ ਅਰੁਣ ਸੂਦ, ਸਾਬਕਾ ਪ੍ਰਧਾਨ ਸੰਜੇ ਟੰਡਨ ਸਣੇ ਹੋਰ ਆਗੂ ਵੀ ਮੌਜੂਦ ਰਹੇ।
ਸ੍ਰੀ ਖੱਟਰ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕ ਭਾਜਪਾ ਨਾਲ ਜੁੜ ਰਹੇ ਹਨ। ਉਸੇ ਤਹਿਤ ਚੰਡੀਗੜ੍ਹ ਦੇ ਵੀ ਕਈ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ। ਬਬਲਾ ਤਾਂ ਸ਼ੁਰੂਆਤ ਹੈ, ਹਾਲੇ ਹੋਰ ਵੀ ਕਈ ਕੌਂਸਲਰ ਭਾਜਪਾ ਦੀਆਂ ਨੀਤੀਆਂ ਨੂੰ ਵੇਖਦਿਆਂ ਸ਼ਾਮਲ ਹੋ ਸਕਦੇ ਹਨ। ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਨਿਗਮ ਚੋਣਾਂ ਵਿੱਚ ਭਾਜਪਾ ਨੇ ਵਿਕਾਸ ਦੇ ਕੰਮਾਂ ਦੇ ਸਿਰ ’ਤੇ ਚੋਣਾਂ ਵਿੱਚ ਹਿੱਸਾ ਲਿਆ ਹੈ। ਉਹ ਮੁੜ ਮੇਅਰ ਦੀ ਚੋਣ ਵਿੱਚ ਵੀ ਜਿੱਤ ਹਾਸਲ ਕਰਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨਗੇ।
ਭਾਜਪਾ ਵਿੱਚ ਸ਼ਾਮਲ ਹੁੰਦਿਆਂ ਹੀ ਦਵਿੰਦਰ ਸਿੰਘ ਬਬਲਾ ਨੂੰ ਆਰਐੱਸਐੱਸ ਦੀ ਸ਼ਾਖਾ ਲਗਾਉਣ ਵਾਲੇ ਦਿਨ ਯਾਦ ਆ ਗਏ। ਉਨ੍ਹਾਂ ਕਿਹਾ ਕਿ ਮੋਗਾ ਵਿੱਚ ਰਹਿੰਦਿਆਂ ਸ਼ਾਖਾ ਵਿੱਚ ਜਾਂਦੇ ਰਹੇ ਹਨ। ਉਨ੍ਹਾਂ ਨੇ ਸ਼ਾਖਾ ਵਿੱਚ ਹੀ ਲੱਠ ਚਲਾਉਣਾ ਵੀ ਸਿੱਖਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਪਰਿਵਾਰਵਾਦ ਹਾਵੀ ਹੁੰਦਾ ਜਾ ਰਿਹਾ ਹੈ। ਜਿੱਥੇ ਪਾਰਟੀ ਲਈ ਕੰਮ ਕਰਨ ਵਾਲਿਆਂ ਨੂੰ ਨਜ਼ਰਅੰਦਾਜ਼ ਕਰਕੇ ਕਮਜ਼ੋਰ ਵਿਅਕਤੀਆਂ ਨੂੰ ਅਹੁਦੇ ਦਿੱਤੇ ਜਾਂਦੇ ਹਨ ਤਾਂ ਜੋ ਪਾਰਟੀ ’ਤੇ ਕੁਝ ਲੋਕਾਂ ਦਾ ਹੀ ਦਬਦਬਾ ਬਣਿਆ ਰਹੇ।
ਬਬਲਾ ਨੇ ਕਿਹਾ ਕਿ ‘ਆਪ’ ਦੂਜਿਆਂ ’ਤੇ ਜੋੜ-ਤੋੜ ਦੇ ਦੋਸ਼ ਲਗਾ ਰਹੀ ਹੈ। ਜਦੋਂ ਕਿ ਉਹ ਖੁਦ ਜੋੜ-ਤੋੜ ਦੀ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਉਸ ਨਾਲ ਵੀ ਪਾਰਟੀ ਦੀ ਹਮਾਇਤ ਲਈ ਸੰਪਰਕ ਕੀਤਾ ਸੀ ਅਤੇ ਕਈ ਤਰ੍ਹਾਂ ਦੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵੱਡੀ ਗਿਣਤੀ ਆਗੂ ਕੁਝ ਵਿਅਕਤੀਆਂ ਤੋਂ ਦੁਖੀ ਚੱਲ ਰਹੇ ਹਨ ਜਿਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਾਂਗਰਸੀ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।
ਕਾਂਗਰਸ ਨੇ ਬਬਲਾ ਨੂੰ ਪਾਰਟੀ ਵਿੱਚੋਂ ਕੱਢਿਆ
ਚੰਡੀਗੜ੍ਹ ਕਾਂਗਰਸ ਦੇ ਮੀਤ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਇਹ ਆਦੇਸ਼ ਚੰਡੀਗੜ੍ਹ ਦੇ ਇੰਚਾਰਜ ਹਰੀਸ਼ ਚੌਧਰੀ ਨੇ ਜਾਰੀ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਬਲਾ ਨੇ ਨਗਰ ਨਿਗਮ ਵਿੱਚ ਪਾਰਟੀ ਵਿਰੋਧੀ ਗਤੀਵੀਧੀਆਂ ਨੂੰ ਅੰਜਾਮ ਦਿੱਤਾ ਹੈ ਜਿਸ ਕਾਰਨ ਬਬਲਾ ਦੀ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਰੱਦ ਕੀਤੀ ਜਾਂਦੀ ਹੈ।
ਕਾਂਗਰਸ ਨੇ ਭਾਜਪਾ ਦੀ ਬੀ ਟੀਮ ਹੋਣ ਦਾ ਫਰਜ਼ ਅਦਾ ਕੀਤਾ: ਜਰਨੈਲ ਸਿੰਘ
ਆਮ ਆਦਮੀ ਪਾਰਟੀ ਪੰਜਾਬ ਤੇ ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਕਾਂਗਰਸੀ ਨੇਤਾ ਦਵਿੰਦਰ ਸਿੰਘ ਬਬਲਾ ਨੇ ਆਪਣੀ ਪਤਨੀ ਸਣੇ ਭਾਜਪਾ ਵਿੱਚ ਸ਼ਾਮਲ ਹੋ ਕੇ ਭਾਜਪਾ ਦੀ ਬੀ ਟੀਮ ਹੋਣ ਦਾ ਫਰਜ਼ ਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਕਾਂਗਰਸ ਪਾਰਟੀ ਨੇ ਭਾਜਪਾ ਦੀ ਹਮਾਇਤ ਕੀਤੀ ਹੈ ਜਿਨ੍ਹਾਂ ਨੇ ਚੰਡੀਗੜ੍ਹ ਵਿੱਚ ਵੀ ਉਸ ਗੱਲ ਨੂੰ ਸਾਬਤ ਕਰ ਦਿੱਤਾ ਹੈ। ਜਰਨੈਲ ਸਿੰਘ ਨੇ ਕਿਹਾ ਕਿ ਭਾਜਪਾ ਨੂੰ ਸਿਰਫ਼ ‘ਆਪ’ ਹੀ ਹਰਾ ਸਕਦੀ ਹੈ ਜਿਸ ਵੱਲੋਂ ਦਿੱਲੀ ਵਿੱਚ ਕੀਤੇ ਗਏ ਕੰਮਾਂ ਸਦਕਾ ਭਾਜਪਾ ਦਾ ਦਿੱਲੀ ਵਿੱਚੋਂ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ 14 ਸੀਟਾਂ ਤੋਂ ਜਿਤਵਾਂ ਕੇ ‘ਆਪ’ ਨੂੰ ਮੌਕਾ ਦਿੱਤਾ ਹੈ ਪਰ ਦੋਵੇਂ ਪਾਰਟੀਆਂ ਮੁੜ ਜੋੜ-ਤੋੜ ਕਰਕੇ ਲੋਕਾਂ ਦੇ ਫ਼ੈਸਲੇ ਨੂੰ ਪਲਟਾਉਣ ’ਤੇ ਲੱਗੀਆਂ ਹੋਈਆਂ ਹਨ।