ਮੁਕੇਸ਼ ਕੁਮਾਰ
ਚੰਡੀਗੜ੍ਹ, 27 ਸਤੰਬਰ
ਚੰਡੀਗੜ੍ਹ ਨਗਰ ਨਿਗਮ ਦੀ ਅੱਜ ਹੋਈ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦੌਰਾਨ ਵਿਰੋਧੀ ਧਿਰ ਦੇ ਕੌਂਸਲਰ ਅਤੇ ਕਮੇਟੀ ਦੇ ਮੈਂਬਰ ਸਤੀਸ਼ ਕੈਂਥ, ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਨਾਲ ਖਹਬਿੜ ਪਏ ਅਤੇ ਮੀਟਿੰਗ ਤੋਂ ਬਾਅਦ ਕੌਂਸਲਰ ਨੇ ਨਿਗਮ ਕਮਿਸ਼ਨਰ ਦੇ ਦਫਤਰ ਮੂਹਰੇ ਧਰਨਾ ਲਗਾ ਦਿੱਤਾ।
ਧਰਨੇ ਸਬੰਧੀ ਕੌਂਸਲਰ ਸਤੀਸ਼ ਕੈਂਥ ਨੇ ਦੱਸਿਆ ਕਿ ਅੱਜ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਸੱਦੀ ਗਈ ਸੀ ਅਤੇ ਉਹ ਬਤੌਰ ਮੈਂਬਰ ਮੀਟਿੰਗ ਵਿੱਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਉਨ੍ਹਾਂ ਸ਼ਹਿਰ ਦੀਆਂ ਪੇਡ ਪਾਰਕਿੰਗਾਂ ਬਾਰੇ ਰਿਪੋਰਟ ਮੰਗੀ ਅਤੇ ਨਗਰ ਨਿਗਮ ਨੂੰ ਪ੍ਰਸ਼ਾਸਨ ਵੱਲੋਂ 200 ਕਰੋੜ ਰੁਪਏ ਦੀ ਵਾਧੂ ਗ੍ਰਾਂਟ ਮਿਲਣ ਬਾਰੇ ਸਵਾਲ ਕੀਤੇ ਤਾਂ ਕਮਿਸ਼ਨਰ ਤੇ ਮੇਅਰ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਮੀਟਿੰਗ ਵਿੱਚ ਪੇਸ਼ ਕੀਤੇ ਗਏ ਮਤਿਆਂ ਨੂੰ ਚਰਚਾ ਕੀਤੇ ਬਿਨਾ 15 ਮਿੰਟਾਂ ਵਿੱਚ ਹੀ ਪਾਸ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੇਅਰ ਪ੍ਰਸ਼ਾਸਨ ਵੱਲੋਂ ਨਿਗਮ ਨੂੰ 200 ਕਰੋੜ ਰੁਪਏ ਦੀ ਵਾਧੂ ਗ੍ਰਾਂਟ ਮਿਲਣ ਦਾ ਬਿਆਨ ਦੇ ਕੇ ਸ਼ਹਿਰ ਦੇ ਲੋਕਾਂ ਨਾਲ ਕੋਰਾ ਝੂਠ ਬੋਲ ਰਹੇ ਹਨ। ਸ੍ਰੀ ਕੈਂਥ ਨੇ ਕਿਹਾ ਕਿ ਮੇਅਰ ਅਤੇ ਨਿਗਮ ਕਮਿਸ਼ਨਰ ਦੇ ਵਤੀਰੇ ਕਾਰਨ ਉਨ੍ਹਾਂ ਨੇ ਕਮਿਸ਼ਨਰ ਦੇ ਦਫ਼ਤਰ ਮੂਹਰੇ ਧਰਨਾ ਦੇ ਕੇ ਆਪਣਾ ਰੋਸ ਜ਼ਾਹਿਰ ਕੀਤਾ ਸੀ। ਉੱਧਰ, ਇਸ ਬਾਰੇ ਮੇਅਰ ਰਵੀ ਕਾਂਤ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਕੋਲ ਸ਼ਹਿਰ ਲਈ ਕੋਈ ਮੁੱਦਾ ਨਹੀਂ ਹੈ ਤੇ ਨਾ ਹੀ ਕਾਂਗਰਸੀ ਕੌਂਸਲਰਾਂ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ’ਚ ਕੋਈ ਰੁਚੀ ਨਹੀਂ ਹੈ। ਉਹ ਸਿਰਫ਼ ਆਪਣੀ ਰਾਜਨੀਤੀ ਚਮਕਾਉਣ ਲਈ ਨਿਗਮ ਦੀਆਂ ਮੀਟਿੰਗਾਂ ਵਿੱਚ ਹਾਜ਼ਰੀ ਭਰਨ ਆਉਂਦੇ ਹਨ ਅਤੇ ਬੇਲੋੜੇ ਮੁੱਦਿਆਂ ’ਤੇ ਬਹਿਸਬਾਜ਼ੀ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਕੌਂਸਲਰ ਹਾਊਸ ਮੀਟਿੰਗ ਵਿੱਚ ਵੀ ਚਰਚਾ ਤੋਂ ਭੱਜਦੇ ਹਨ। ਸ਼੍ਰੀ ਰਵੀ ਕਾਂਤ ਸ਼ਰਮਾਂ ਨੇ ਕਿਹਾ ਕਿ ਨਿਗਮ ਦੀ ਅੱਜ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦੌਰਾਨ ਵੀ ਕਮੇਟੀ ਵਿੱਚ ਮੈਂਬਰ ਕਾਂਗਰਸ ਪਾਰਟੀ ਦੇ ਕੌਂਸਲਰ ਸਤੀਸ਼ ਕੈਂਥ ਨੇ ਬੇਤੁਕੀ ਬਹਿਸ ਬਾਜੀ ਅਤੇ ਨਿਗਮ ਕਮਿਸ਼ਨਰ ਜੋ ਇੱਕ ਮਹਿਲਾ ਹੈ, ਦੇ ਦਫਤਰ ਮੂਹਰੇ ਧਰਨਾ ਦਿੱਤਾ।