ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 15 ਮਾਰਚ
ਮੁਹਾਲੀ ਨਗਰ ਨਿਗਮ ਦੇ 37 ਕਾਂਗਰਸੀ ਕੌਂਸਲਰਾਂ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਖੜ੍ਹਨ ਦਾ ਐਲਾਨ ਕੀਤਾ ਹੈ। ਬੀਤੀ ਰਾਤ ਇੱਥੋਂ ਦੇ ਇੱਕ ਹੋਟਲ ਵਿੱਚ ਕਾਂਗਰਸੀ ਕੌਂਸਲਰਾਂ ਦੀ ਮੀਟਿੰਗ ਵਿੱਚ ਬਲਬੀਰ ਸਿੱਧੂ ਤੋਂ ਇਲਾਵਾ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੋਂ ਇਲਾਵਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਿਸ਼ਵ ਜੈਨ, ਸ਼ਹਿਰੀ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਪਾਰਟੀ ਆਗੂ ਗੁਰਚਰਨ ਸਿੰਘ ਭਮਰਾ ਤੋਂ ਇਲਾਵਾ ਪਾਰਟੀ ਦੇ ਸਥਾਨਕ ਆਗੂ ਮੌਜੂਦ ਸਨ। ਇਸ ਮੌਕੇ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਦਾ ਵੀ ਮੰਥਨ ਕੀਤਾ ਗਿਆ।
ਕਾਂਗਰਸੀ ਕੌਂਸਲਰਾਂ ਨੇ ਸੋਸ਼ਲ ਮੀਡੀਆ ਉੱਤੇ ਕਾਂਗਰਸੀ ਕੌਂਸਲਰਾਂ ਵੱਲੋਂ ਦਲ ਬਦਲੀ ਦੀਆਂ ਪੋਸਟਾਂ ਨੂੰ ਨਕਾਰਦਿਆਂ ਇਸ ਨੂੰ ਮਹਿਜ਼ ਅਫ਼ਵਾਹ ਦੱਸਿਆ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਸ੍ਰੀ ਸਿੱਧੂ ਨਾਲ ਖੜ੍ਹੇ ਸਨ ਤੇ ਭਵਿੱਖ ਵਿੱਚ ਵੀ ਉਨ੍ਹਾਂ ਦਾ ਸਾਥ ਦੇਣਗੇ। ਕੌਂਸਲਰਾਂ ਨੇ ਆਖਿਆ ਕਿ ਬਲਬੀਰ ਸਿੱਧੂ ਦਾ ਮੁਹਾਲੀ ਸ਼ਹਿਰ ਦੇ ਵਿਕਾਸ ਅਤੇ ਭਵਿੱਖੀ ਯੋਜਨਾਵਾਂ ਵਿੱਚ ਵੱਡਾ ਯੋਗਦਾਨ ਹੈ।
ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਤਾਂ ਹੁਣ ਨਵੀਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਚੁਣੀਆਂ ਹੋਈਆਂ ਸੰਸਥਾਵਾਂ ਵਿੱਚ ਰੋੜੇ ਨਾ ਅਟਕਾਵੇ। ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਪਹਿਲਾਂ ਵਾਂਗ ਹੀ ਵਿਕਾਸ ਕਾਰਜ ਜਾਰੀ ਰੱਖੇਗੀ ਅਤੇ ਨਵੀਂ ਸਰਕਾਰ ਨੂੰ ਵਿਕਾਸ ਕਾਰਜਾਂ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਕੌਂਸਲਰ ਕਿਸੇ ਦੇ ਦਬਾਅ ਹੇਠ ਆਉਣ ਵਾਲੇ ਨਹੀਂ ਹਨ ਅਤੇ ਉਹ ਖੁਦ ਹਰ ਤਰ੍ਹਾਂ ਨਾਲ ਕੌਂਸਲਰਾਂ ਦੇ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ। ਇਸ ਮੌਕੇ ਚਰਚਾ ਦੌਰਾਨ ਪਾਰਟੀ ਦੀ ਹਾਰ ਲਈ ਲੀਡਰਸ਼ਿਪ ਦੇ ਅੰਦਰੂਨੀ ਕਲੇਸ਼ ਨੂੰ ਜ਼ਿੰਮੇਵਾਰ ਦੱਸਿਆ ਗਿਆ।
ਸਿੱਧੂ ਆਪਣੀ ਹਾਰ ਲਈ ਖੁਦ ਜ਼ਿੰਮੇਵਾਰ: ਮਨਜੋਤ
ਯੂਥ ਕਾਂਗਰਸ ਦੇ ਸਕੱਤਰ ਅਤੇ ਦਫ਼ਤਰ ਇੰਚਾਰਜ ਮਨਜੋਤ ਸਿੰਘ ਨੇ ਬਲਬੀਰ ਸਿੱਧੂ ਦੀ ਹਾਰ ਲਈ ਸ੍ਰੀ ਸਿੱਧੂ ਨੂੰ ਹੀ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਨੇ ਹਮੇਸ਼ਾ ਪਾਰਟੀ ਵਰਕਰਾਂ ਨੂੰ ਅਣਦੇਖਿਆਂ ਕੀਤਾ ਤੇ ਹੁਣ ਆਪਣੀ ਹਾਰ ਲਈ ਪਾਰਟੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਤੇ ਪਾਰਟੀ ਨੂੰ ਨਸੀਹਤਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਅਜਿਹੇ ਲੀਡਰਾਂ ਕਾਰਨ ਕਰਨਾ ਪਿਆ ਜਿਨ੍ਹਾਂ ਨੇ ਹਮੇਸ਼ਾ ਆਪਣੇ ਪਰਿਵਾਰ ਨੂੰ ਅੱਗੇ ਰੱਖਿਆ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਕਥਿਤ ਤੌਰ ’ਤੇ ਕਦਰ ਨਹੀਂ ਕੀਤੀ।