ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 19 ਦਸੰਬਰ
ਨਗਰ ਨਿਗਮ ਚੋਣਾਂ ਨੂੰ ਲੈ ਕੇ ਵਾਰਡ ਨੰਬਰ 15 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਧੀਰਜ ਗੁਪਤਾ ਨੂੰ ਧਨਾਸ ਦੀ ਮੁੜ ਵਸੇਬਾ ਕਲੋਨੀ ਵਾਸੀਆਂ ਨੇ ਲੱਡੂਆਂ ਨਾਲ ਤੋਲਿਆ ਅਤੇ ਉਨ੍ਹਾਂ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਫੈਸਲਾ ਕੀਤਾ।
ਧੀਰਜ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਅਧੀਨ ਇਲਾਕਾ ਧਨਾਸ ਮੁੜ ਵਸੇਬਾ ਕਲੋਨੀ ਅਤੇ ਸਾਰੰਗਪੁਰ ਪਿੰਡ ਨਾਲ ਵਿਕਾਸ ਨੇ ਨਾਮ ਉੱਤੇ ਪੱਖਪਾਤ ਹੁੰਦਾ ਆਇਆ ਹੈ। ਜਿੱਥੇ ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਵਲੋਂ ਗੋਦ ਲਿਆ ਗਿਆ ਪਿੰਡ ਸਾਰੰਗਪੁਰ ਵਿਕਾਸ ਨੂੰ ਤਰਸ ਰਿਹਾ ਹੈ, ਉੱਥੇ ਹੀ ਭਾਜਪਾ ਦੇ ਰਾਜ ਵਿੱਚ ਧਨਾਸ ਮੁੜ ਵਸੇਬਾ ਕਲੋਨੀ ਵਿੱਚ ਵੀ ਵਿਕਾਸ ਦੇ ਨਾਮ ‘ਤੇ ਇੱਕ ਇੱਟ ਨਹੀਂ ਲੱਗੀ। ਹਰ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ, ਸੀਵਰੇਜ ਵਿਵਸਥਾ ਠੱਪ ਪਈ ਹੈ, ਸੜਕਾਂ ਨੇ ਪਗਡੰਡੀਆਂ ਦਾ ਰੂਪ ਧਾਰਨ ਕਰ ਲਿਆ ਹੈ। ਇਲਾਕੇ ਵਿੱਚ ਸੁਰੱਖਿਆ ਦੇ ਨਾਮ ਉੱਤੇ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ। ਧੀਰਜ ਗੁਪਤਾ ਨੇ ਵਾਰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ‘ਤੇ ਹੱਲ ਕਰਵਾਉਣਗੇ।