ਹਰਜੀਤ ਸਿੰਘ
ਜ਼ੀਰਕਪੁਰ, 27 ਜੁਲਾਈ
ਸ਼ਹਿਰ ਦੀਆਂ ਸੜਕਾਂ ਦੀ ਖਸਤਾ ਹਾਲਤ ਖ਼ਿਲਾਫ਼ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸ੍ਰੀ ਸ਼ਰਮਾ ਨੇ ਅੱਜ ਬਲਟਾਣਾ ਖੇਤਰ ਦੀ ਖਸਤਾ ਹਾਲ ਸੜਕਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸ੍ਰੀ ਸ਼ਰਮਾ ਨੇ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਵਿੱਚ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਕਾਂਗਰਸ ਸਰਕਾਰ ਦਾ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਸਰੋਕਾਰ ਨਹੀਂ ਹੈ।
ਬਰਸਾਤਾਂ ਦੇ ਦਿਨ੍ਹਾ ’ਚ ਨਗਰ ਕੌਂਸਲ ਵਿੱਚ ਕਾਬਜ਼ ਕਾਂਗਰਸ ਸਰਕਾਰ ਵੱਲੋਂ ਪੁੱਟੀਆਂ ਸੜਕਾਂ ਤੋਂ ਲੱਗਦਾ ਹੈ ਕਿ ਕਾਂਗਰਸ ਸਰਕਾਰ ਵੱਲੋਂ ਬਲਟਾਣਾ ਦੀਆਂ ਸੜਕਾਂ ’ਤੇ ਝੋਨਾ ਬੀਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਾਂਗਰਸ ਦੀਆਂ ਮਾੜੀਆਂ ਤੇ ਲੋਕ ਵਿਰੋਧੀ ਨੀਤੀਆਂ ਨੇ ਹਰ ਵਰਗ ਦੇ ਮੂੰਹ ਵਿੱਚੋਂ ਰੋਟੀ ਖੋਹਣ ਵਿੱਚ ਕਸਰ ਨਹੀਂ ਛੱਡੀ। ਉਨ੍ਹਾਂ ਬਲਟਾਣਾ ਦੀ ਪੀਰ ਬਾਬਾ ਦੀ ਖਸਤਾ ਹਾਲ ਸੜਕ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਆ ਰਹੀ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਇਸ ਵੇਲੇ ਨਗਰ ਕੌਂਸਲ ਵੱਲੋਂ ਬਲਟਾਣਾ ਖੇਤਰ ਦੀਆਂ ਸਾਰੀਆਂ ਸੜਕਾਂ ਪੁੱਟੀਆ ਹੋਈਆਂ ਹਨ ਜਿਸ ਨਾਲ ਆਮ ਲੋਕਾਂ ਨੂੰ ਭਾਰੀ ਔਕੜਾਂ ਪੇਸ਼ ਆ ਰਹੀਆਂ ਹਨ। ਇਸ ਮੌਕੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਇੱਕ ਪਾਸੇ ਤਾਂ ਪਹਿਲਾਂ ਹੀ ਕਰੋਨਾ ਮਹਾਮਾਰੀ ਕਾਰਨ ਲੋਕਾਂ ਦੇ ਵਪਾਰ ਠੱਪ ਹੋਏ ਪਏ ਹਨ।
ਹੁਣ ਤਿਉਹਾਰਾਂ ਦੇ ਸੀਜ਼ਨ ’ਚ ਵਪਾਰ ਖੁੱਲਣ ਦੀ ਆਸ ਜਾਗੀ ਸੀ ਪਰ ਪ੍ਰਸ਼ਾਸ਼ਨ ਨੇ ਉਨ੍ਹਾਂ ਦੀਆਂ ਦੁਕਾਨਾ ਅੱਗੇ ਸੜਕਾਂ ਪੁਟਵਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਲੰਮੇਂ ਸਮੇਂ ਤੋਂ ਕੰਮ ਨੂੰ ਨਬੇੜਿਆ ਨਹੀਂ ਜਾ ਰਿਹਾ ’ਤੇ ਅੱਧ ਵਿਚਾਲੇ ਲੱਟਕ ਰਿਹਾ ਹੈ। ਜਿਸ ਕਾਰਨ ਸੜਕਾਂ ਤੋਂ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ।
ਉਨ੍ਹਾ ਦੱਸਿਆ ਕਿ ਲੰਘੇ ਕੱਲ੍ਹ ਇਸ ਸੜਕ ਤੋਂ ਤਿਲਕ ਕੇ ਬਜ਼ੁਰਗ ਵਿਅਕਤੀ ਜ਼ਖ਼ਮੀ ਹੋ ਚੁੱਕਾ ਹੈ। ਉਨ੍ਹਾਂ ਬਲਟਾਣਾ ਫਰਨੀਚਰ ਮਾਰਕੀਟ ਦੇ ਦੁਕਦਾਨਦਾਰਾਂ ਦੀਆਂ ਸਮੱਸਿਆਂ ਨੂੰ ਦੇਖਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪ੍ਰਸ਼ਾਸਨ ਨੇ ਦੋ ਦਿਨਾਂ ’ਚ ਪੀਰ ਬਾਬਾ ਸੜਕ ’ਤੇ ਮੁਰਮੰਤ ਦਾ ਕੰਮ ਨਾ ਛੇੜਿਆ ਤਾਂ ਅਕਾਲੀ ਦਲ ਵੱਲੋਂ ਸੜਕ ’ਤੇ ਜ਼ੀਰੀ ਲਗਵਾ ਦਿੱਤੀ ਜਾਵੇਗੀ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕੁਲਵਿੰਦਰ ਸਿੰਘ ਸੋਹੀ ਤੇ ਅਕਾਲੀ ਆਗੂ ਪ੍ਰਵੀਨ ਸ਼ਰਮਾ ਵੀ ਹਾਜ਼ਰ ਸਨ।