ਕਰਮਜੀਤ ਸਿੰਘ ਚਿੱਲਾ
ਬਨੂੜ, 6 ਨਵੰਬਰ
ਇੱਥੋਂ ਦੇ ਵਾਰਡ ਨੰਬਰ 13 ਦੇ ਇੱਕ ਘਰ ’ਚੋਂ ਅੱਜ ਦੁਪਹਿਰੇ ਕਿੰਨਰ ਦੇ ਭੇਸ ਵਿੱਚ ਪਰਿਵਾਰ ਦੀਆਂ ਮਹਿਲਾਵਾਂ ਕੋਲੋਂ ਵਧਾਈ ਦੇ ਰੂਪ ਵਿੱਚ ਜਬਰਦਸਤੀ ਗਿਆਰ੍ਹਾਂ ਸੌ ਰੁਪਏ ਲੈ ਕੇ ਫਰਾਰ ਹੋਏ ਇੱਕ ਨੌਜਵਾਨ ਨੂੰ ਸ਼ਹਿਰ ਵਾਸੀਆਂ ਨੇ ਕਾਬੂ ਕਰ ਕੇ ਪੁਲੀਸ ਦੇ ਹਵਾਲੇ ਕੀਤਾ। ਸਬੰਧਤ ਨੌਜਵਾਨ ਇੱਥੋਂ ਦੇ ਬੈਰੀਅਰ ’ਤੇ ਝੁੱਗੀਆਂ ਵਿੱਚ ਰਹਿੰਦੇ ਪਰਵਾਸੀ ਮਜ਼ਦੂਰਾਂ ਨਾਲ ਸਬੰਧਤ ਸੀ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੇ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਉਸਦੇ ਪਰਿਵਾਰ ’ਚ ਵਿਆਹ ਹੋ ਕੇ ਹਟਿਆ ਸੀ ਤੇ ਉਸ ਦੀ ਪਤਨੀ ਨੇ ਕਿੰਨਰ ਬਣੇ ਨੌਜਵਾਨ ਨੂੰ ਸੌ ਰੁਪਏ ਵਧਾਈ ਦੇਕੇ ਘਰੋਂ ਜਾਣ ਲਈ ਆਖਿਆ ਪਰ ਕਿੰਨਰ ਬਣਿਆ ਨੌਜਵਾਨ ਧੱਕੇ ਤੋਂ ਗਿਆਰ੍ਹਾਂ ਸੌ ਰੁਪਏ ਲੈ ਲੈ ਗਿਆ। ਜਦੋਂ ਉਹ ਘਰ ਪਹੁੰਚਿਆ ਤਾਂ ਉਕਤ ਨੌਜਵਾਨ ਭੱਜ ਗਿਆ, ਜਿਸ ਨੂੰ ਨੌਜਵਾਨਾਂ ਦੀ ਸਹਾਇਤਾ ਨਾਲ ਕਾਬੂ ਕਰ ਲਿਆ ਅਤੇ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਵੱਲੋਂ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।