ਆਤਿਸ਼ ਗੁਪਤਾ
ਚੰਡੀਗੜ੍ਹ, 28 ਦਸੰਬਰ
ਸ਼ਹਿਰ ਵਿੱਚ ਕਰੋਨਾਵਾਇਰਸ ਦੀ ਨਵੀਂ ਲਹਿਰ ਦੇ ਪਸਾਰ ਨੂੰ ਰੋਕਣ ਲਈ ਯੂਟੀ ਪ੍ਰਸ਼ਾਸਨ ਵੱਲੋਂ ਰਾਤ ਦਾ ਕਰਫਿਊ ਲਗਾਉਣ ਦੀ ਸਥਿਤੀ ਸਪਸ਼ਟ ਨਾ ਕੀਤੇ ਜਾਣ ਕਾਰਨ ਭੰਬਲਭੂਸਾ ਬਣਿਆ ਹੋਇਆ ਹੈ। ਪ੍ਰਸ਼ਾਸਨ ਵੱਲੋਂ ਨਵੇਂ ਸਾਲ ਦੀ ਆਮਦ ’ਤੇ ਕਰਫਿਊ ਲਗਾਏ ਜਾਣ ’ਤੇ ਹੋਟਲ, ਕਲੱਬ ਅਤੇ ਬਾਰ ਮਾਲਕਾਂ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਦੂਜੇ ਪਾਸੇ ਲੋਕਾਂ ਨੂੰ ਵੀ ਸਥਿਤੀ ਸਪਸ਼ਟ ਨਾ ਹੋਣ ਕਰਕੇ ਲੋਕ ਸੋਚੀਂ ਪਏ ਹੋਏ ਹਨ। ਇੰਗਲੈਂਡ ਵਿੱਚ ਕਰੋਨਾ ਦੀ ਨਵੀਂ ਲਹਿਰ ਦੇ ਪੈਰ ਪਸਾਰਨ ਮਗਰੋਂ ਭਾਰਤ ਆਏ ਲੋਕਾਂ ਦੇ ਪਾਜ਼ੇਟਿਵ ਪਾਏ ਜਾਣ ’ਤੇ ਯੂਟੀ ਪ੍ਰਸ਼ਾਸਨ ਨੇ ਸਿਹਤ ਅਤੇ ਪੁਲੀਸ ਵਿਭਾਗ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਸੀ। ਉੱਥੇ ਹੀ ਕ੍ਰਿਸਮਸ ਮਗਰੋਂ ਸ਼ਹਿਰ ਵਿੱਚ ਕਰਫਿਊ ਲਗਾਉਣ ਦਾ ਜ਼ਿਕਰ ਕੀਤਾ ਗਿਆ ਸੀ। ਪਰ ਇਨ੍ਹਾਂ ਗੱਲਾਂ ਨੂੰ ਇਕ ਹਫ਼ਤੇ ਤੋਂ ਵੱਧ ਦਾ ਸਮਾਂ ਬੀਤਣ ਤੋਂ ਬਾਅਦ ਵੀ ਰਾਤ ਦੇ ਕਰਫਿਊ ਸਬੰਧੀ ਸਥਿਤੀ ਸਪਸ਼ਟ ਨਹੀਂ ਹੋ ਸਕੀ। ਸਥਿਤੀ ਸਪਸ਼ਟ ਨਾ ਹੋਣ ਕਰਕੇ ਨਵੇਂ ਸਾਲ ਮੌਕੇ ਕਿਸੇ ਵੱਲੋਂ ਕੋਈ ਸਮਾਗਮ ਵੀ ਉਲੀਕੇ ਨਹੀਂ ਗਏ ਹਨ। ਜਦਕਿ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਟੀ ਪ੍ਰਸ਼ਾਸਨ ਕਰਫਿਊ ਲਗਾਉਣ ਦੇ ਪੱਖ ਵਿੱਚ ਨਹੀਂ ਹੈ। ਚੰਡੀਗੜ੍ਹ ਹੋਸਪਿਟੈਲਿਟੀ ਐਸੋਸੀਏਸ਼ਨ ਦੇ ਪ੍ਰਧਾਨ ਅੰਕਿਤ ਗੁਪਤਾ ਨੇ ਕਿਹਾ ਕਿ ਕਰੋਨਾਵਾਇਰਸ ਕਰਕੇ ਹੋਟਲ ਇੰਡਸਟਰੀ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੀ ਹੈ। ਕਰੋਨਾ ਤੋਂ ਬਾਅਦ ਹਾਲੇ ਤੱਕ ਹੋਟਲ ਇੰਡਸਟਰੀ ਦਾ ਕੰਮ ਨਹੀਂ ਚੱਲ ਸੱਕਿਆ ਹੈ। ਇਸ ਤਰ੍ਹਾਂ ਦੇ ਸਮੇਂ ਵਿੱਚ ਨਵੇਂ ਸਾਲ ਦੀ ਆਮਦ ’ਤੇ ਰਾਤ ਦਾ ਕਰਫਿਊ ਲਗਾਉਣ ਦਾ ਫ਼ੈਸਲਾ ਗਲਤ ਹੈ। ਉਨ੍ਹਾਂ ਕਿਹਾ ਕਿ ਹੋਟਲ ਮਾਲਕਾਂ ਵੱਲੋਂ ਸਮਾਜਿਕ ਦੁਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਮਾਗਮ ਕੀਤੇ ਜਾਣਗੇ।
ਨਵੇਂ ਸਾਲ ਮੌਕੇ ਹੋਣ ਵਾਲੀ ਆਮਦਨੀ ’ਤੇ ਲਟਕੀ ਤਲਵਾਰ
ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਆਫ਼ ਚੰਡੀਗੜ੍ਹ ਦੇ ਚੇਅਰਮੈਨ ਮਨਮੋਹਨ ਸਿੰਘ ਨੇ ਕਿਹਾ ਕਿ ਸਿਹਤ ਸਭ ਤੋਂ ਜ਼ਰੂਰੀ ਹੈ ਪਰ ਕਰੋਨਾ ਤੋਂ ਬਾਅਦ ਬਹੁਤ ਮੁਸ਼ਕਿਲ ਨਾਲ ਕੰਮ ਲੀਹ ’ਤੇ ਆਉਣ ਲੱਗਾ ਹੈ। ਪਰ ਅਜਿਹੇ ਵਿੱਚ ਨਵੇਂ ਸਾਲ ਦੀ ਆਮਦ ’ਤੇ ਰਾਤ ਦਾ ਕਰਫਿਊ ਲਗਾਉਣ ਨਾਲ ਹੋਟਲ ਇੰਡਸਟਰੀ ਦਾ ਕੰਮ ਠੱਪ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਹੋਟਲਾਂ ਨੂੰ ਸਮਾਜਿਕ ਦੁਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਨਵੇਂ ਸਾਲ ’ਤੇ ਸਮਾਗਮ ਕਰਨ ਦੀ ਪ੍ਰਵਾਨਗੀ ਦੇ ਦੇਣੀ ਚਾਹੀਦੀ ਹੈ।