ਪੱਤਰ ਪ੍ਰੇਰਕ
ਲਾਲੜੂ, 3 ਅਗਸਤ
ਸਰਕਾਰੀ ਸੀਨੀਅਰ ਸੈਕੰਡਰੀ (ਸਮਾਰਟ) ਸਕੂਲ, ਲਾਲੜੂ ਮੰਡੀ ਵਿੱਚ ਪੜ੍ਹਦੇ ਨੌਵੀਂ ਜਮਾਤ ਦੇ ਵਿਦਿਆਰਥੀ ਨੂੰ ਉਸ ਦੇ ਸਾਥੀਆਂ ਨੇ ਕੈਂਚੀਆਂ ਮਾਰ ਕੇ ਫੱਟੜ ਕਰ ਦਿੱਤਾ। ਜ਼ਖ਼ਮੀ ਵਿਦਿਆਰਥੀ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਆਪਸੀ ਤਕਰਾਰਬਾਜ਼ੀ ਤੋਂ ਬਾਅਦ ਸਕੂਲ ਦੇ ਦੋ ਵਿਦਿਆਰਥੀ ਗੁੱਟ ਆਪਸ ਵਿੱਚ ਭਿੜ ਗਏ ਜਿਨ੍ਹਾਂ ਨੂੰ ਸਕੂਲ ਦੇ ਅੰਦਰ ਅਧਿਆਪਕਾਂ ਨੇ ਸਮਝਾ-ਬੁਝਾ ਕੇ ਸ਼ਾਂਤ ਕਰ ਦਿੱਤਾ। ਸਕੂਲ ਤੋਂ ਬਾਹਰ ਜਾ ਕੇ ਵਿਦਿਆਰਥੀ ਮੁੜ ਆਪਸ ਵਿੱਚ ਭਿੜ ਗਏ ਜਿਸ ਦੌਰਾਨ ਨੌਵੀਂ ਜਮਾਤ ਦੇ ਵਿਦਿਆਰਥੀ ਰਾਹੁਲ ਨੂੰ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਕੈਂਚੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਫੱਟੜ ਕਰ ਦਿੱਤਾ। ਜ਼ਖ਼ਮੀ ਰਾਹੁਲ ਦੇ ਪਿਤਾ ਚੰਦਰ ਸੇਖਰ ਵਾਸੀ ਲਾਲੜੂ ਨੇ ਦੱਸਿਆ ਕਿ ਉਸ ਦੇ ਬੇਟੇ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਉਨ੍ਹਾਂ ਨੇ ਪੁਲੀਸ ਨੂੰ ਸ਼ਿਕਾਇਤ ਵੀ ਕੀਤੀ ਪਰ ਅਜੇ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਪੁਲੀਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਹਮਲਾਵਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ।
ਜਾਂਚ ਮਗਰੋਂ ਕੀਤੀ ਜਾਏਗੀ ਕਾਨੂੰਨੀ ਕਾਰਵਾਈ: ਡੀਐੱਸਪੀ ਖਹਿਰਾ
ਡੀਐੱਸਪੀ ਡੇਰਾਬਸੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ ਜਿਸ ਮਗਰੋਂ ਹਮਲਾਵਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਸਕੂਲ ਦੀ ਪ੍ਰਿੰਸੀਪਲ ਪਰਮਿੰਦਰ ਕੌਰ ਚਹਿਲ ਨੇ ਦੱਸਿਆ ਕਿ ਉਨ੍ਹਾਂ ਦਾ ਸਕੂਲ ਦੋ ਸ਼ਿਫਟਾਂ ਵਿੱਚ ਚੱਲਦਾ ਹੈ। ਸਵੇਰੇ 7 ਵਜੋਂ ਤੋਂ 12 ਵਜੇ ਤੱਕ ਛੇਂਵੀ ਤੋਂ ਦਸਵੀਂ ਦੇ ਵਿਦਿਆਰਥੀ ਅਤੇ 12.30 ਤੋਂ 5 ਵਜੇ ਤੱਕ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀ ਆਉਂਦੇ ਹਨ। ਇਹ ਲੜਾਈ ਸਕੂਲ ਦੇ ਬਾਹਰ ਹੋਈ ਹੈ।