ਪੱਤਰ ਪ੍ਰੇਰਕ
ਚੰਡੀਗੜ੍ਹ, 28 ਅਗਸਤ
ਜ਼ਿਲ੍ਹਾ ਕੌਂਸਲ ਸੀਪੀਆਈ ਚੰਡੀਗੜ੍ਹ ਦੀ 17ਵੀਂ ਕਾਨਫ਼ਰੰਸ ਦੇਵੀ ਦਿਆਲ ਸ਼ਰਮਾ, ਸੁਰਜੀਤ ਕੌਰ ਕਾਲੜਾ ਅਤੇ ਜੋਗਿੰਦਰ ਸ਼ਰਮਾ ਦੀ ਸਾਂਝੀ ਪ੍ਰਧਾਨਗੀ ਵਿੱਚ ਹੋਈ। ਸਾਥੀ ਗੁਲਜ਼ਾਰ ਗੋਰੀਆ ਅਤੇ ਨਰਿੰਦਰ ਕੌਰ ਸੋਹਲ ਸੂਬੇ ਵੱਲੋਂ ਅਬਜ਼ਰਵਰ ਵਜੋਂ ਸ਼ਾਮਲ ਹੋਏ। ਕਾਨਫਰੰਸ ਵਿੱਚ ਪਾਰਟੀ ਦੀ ਚੰਡੀਗੜ੍ਹ ਇਕਾਈ ਦੀਆਂ 26 ਬਰਾਂਚਾਂ ਦੇ ਡੈਲੀਗੇਟਾਂ ਨੇ ਹਿੱਸਾ ਲਿਆ। ਖੁਸ਼ਹਾਲ ਸਿੰਘ ਨਾਗਾ ਨੇ ਪਾਰਟੀ ਝੰਡਾ ਲਹਿਰਾਇਆ। ਕਾਨਫ਼ਰੰਸ ਦਾ ਉਦਘਾਟਨ ਬੀਬੀ ਨਰਿੰਦਰ ਕੌਰ ਸੋਹਲ ਨੇ ਕੀਤਾ। ਕਰਮ ਸਿੰਘ ਵਕੀਲ ਤੇ ਹੋਰ ਡੈਲੀਗੇਟਾਂ ਵੱਲੋਂ ਪਾਰਟੀ ਦੇ ਰਹਿਨੁਮਾ ਡਾ. ਜੋਗਿੰਦਰ ਦਿਆਲ, ਪਿਆਰਾ ਸਿੰਘ ਕਲਸੀ, ਦੇਵਰਾਜ ਸ਼ਰਮਾ, ਐੱਸਪੀ ਬਖ਼ਸ਼ੀ, ਜਸਵੰਤ ਸਿੰਘ ਮਟੌਰ, ਬੀਬੀ ਬਿਮਲਾ ਦੇਵੀ ਅਤੇ ਮੁਹੰਮਦ ਮੁਕੱਰਮ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਕਾਨਫ਼ਰੰਸ ਦੇ ਦੂਜੇ ਦੌਰ ਦੌਰਾਨ ਸਰਬਸੰਮਤੀ ਨਾਲ ਰਾਜ ਕੁਮਾਰ ਨੂੰ ਜ਼ਿਲ੍ਹਾ ਸਕੱਤਰ, ਪ੍ਰੀਤਮ ਸਿੰਘ ਹੁੰਦਲ ਅਤੇ ਕਰਮ ਸਿੰਘ ਵਕੀਲ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਜੋਗਿੰਦਰ ਸ਼ਰਮਾ, ਸੇਵਕ ਸਿੰਘ ਅਤੇ ਅੰਮ੍ਰਿਤ ਲਾਲ ਨੂੰ ਪਾਰਟੀ ਦਾ ਆਡਿਟ ਕਮਿਸ਼ਨ ਮੈਂਬਰ ਚੁਣਿਆ ਗਿਆ ਅਤੇ 21 ਮੈਂਬਰੀ ਜ਼ਿਲ੍ਹਾ ਕੌਂਸਲ ਦਾ ਗਠਨ ਕੀਤਾ ਗਿਆ। ਰਾਜ ਕੁਮਾਰ, ਪ੍ਰੀਤਮ ਸਿੰਘ ਹੁੰਦਲ, ਕਰਮ ਸਿੰਘ ਵਕੀਲ ਤੇ ਜੋਗਿੰਦਰ ਸ਼ਰਮਾ ਨੂੰ 8 ਤੇ 9 ਸਤੰਬਰ ਨੂੰ ਹੋਣ ਵਾਲੀ ਸੂਬਾ ਕਾਨਫਰੰਸ ਲਈ ਡੈਲੀਗੇਟ ਚੁਣਿਆ ਗਿਆ।