ਪੀ.ਪੀ. ਵਰਮਾ
ਪੰਚਕੂਲਾ, 28 ਸਤੰਬਰ
ਹਰਿਆਣਾ ਬਿਜਲੀ ਨਿਗਮ ਵਿੱਚ ਭ੍ਰਿਸ਼ਟਾਚਾਰ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਪੰਚਕੂਲਾ ਜ਼ਿਲ੍ਹੇ ਦੇ ਟੱਪਰੀਆਂ ਪਿੰਡ ਵਿਚ 8.08 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ 66 ਕੇਵੀ ਪਾਵਰ ਸਟੇਸ਼ਨ ਵਿਚ ਪੁਰਾਣੇ ਅਤੇ ਕੰਡਮ ਉਪਕਰਨ ਲਾਏ ਗਏ ਹਨ। ਇਸ ਮਾਮਲੇ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਇਸ ਬਿਜਲੀ ਘਰ ਦਾ ਜਾਇਜ਼ਾ ਲੈਣ ਲਈ ਟੱਪਰੀਆਂ ਪਿੰਡ ਪਹੁੰਚੇ ਤੇ ਉਨ੍ਹਾਂ ਦੇਖਿਆ ਕਿ 66 ਕੇ.ਵੀ. ਪਾਵਰ ਸਟੇਸ਼ਨ ਵਿਚ ਬਰਨ ਟ੍ਰਾਂਸਫਾਰਮਰ, ਪੁਰਾਣੇ ਪੈਨਲਾਂ ਅਤੇ ਤਾਰ ਪੇਂਟ ਕਰ ਕੇ ਲਗਾਏ ਗਏ ਹਨ। ਬਹੁਤ ਸਾਰੇ ਉਪਕਰਨਾਂ ’ਤੇ ਧੂੜ ਦੀਆਂ ਪਰਤਾਂ ਜੰਮੀਆਂ ਹੋਈਆਂ ਸਨ ਅਤੇ ਉਨ੍ਹਾਂ ਦਾ ਪੇਟ ਵੀ ਕਈ ਥਾਵਾਂ ਤੋਂ ਉਤਰਿਆ ਹੋਇਆ ਸੀ।
ਮੌਕੇ `ਤੇ ਵਿਧਾਨ ਸਭਾ ਦੇ ਸਪੀਕਰ ਨੇ ਬਿਜਲੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ ਸੀ ਗੁਪਤਾ ਨਾਲ ਗੱਲ ਕੀਤੀ ਅਤੇ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਚਾਰਜ ਕੀਤੇ ਗਏ ਅਧਿਕਾਰੀਆਂ ਨੂੰ ਵਿਧਾਨ ਸਭਾ ਦੀ ਜਨ ਸਿਹਤ, ਸਿੰਜਾਈ, ਬਿਜਲੀ ਅਤੇ ਲੋਕ ਨਿਰਮਾਣ ਵਿਸ਼ੇ ਦੀ ਕਮੇਟੀ ਦੇ ਸਾਹਮਣੇ ਵੀ ਤਲਬ ਕੀਤਾ ਜਾਵੇਗਾ।
ਪਿੰਡ ਟੱਪਰੀਆਂ ਦੇ ਲੋਕ ਪਿਛਲੇ ਚਾਰ ਸਾਲਾਂ ਤੋਂ ਇੱਥੇ 66 ਕੇ.ਵੀ. ਦਾ ਬਿਜਲੀ ਘਰ ਬਣਾਉਣ ਦੀ ਮੰਗ ਕਰ ਰਹੇ ਹਨ। ਇਸ ਬਿਜਲੀ ਘਰ ਤੋਂ 12 ਪਿੰਡਾਂ ਨੂੰ ਬਿਜਲੀ ਸਪਲਾਈ ਕੀਤੀ ਜਾਣੀ ਹੈ। ਇਸ ਦੌਰਾਨ ਇੱਕ ਸਥਾਨਕ ਵਸਨੀਕ ਨੇ ਸਪੀਕਰ ਗਿਆਨ ਚੰਦ ਗੁਪਤਾ ਨੂੰ ਦੱਸਿਆ ਕਿ 66 ਕੇਵੀ ਪਾਵਰ ਹਾਊਸ ਵਿਚ ਪੁਰਾਣੇ ਉਪਕਰਨ ਲਗਾਏ ਜਾ ਰਹੇ ਹਨ। ਸ਼ਿਕਾਇਤ ਮਿਲਣ ’ਤੇ ਅੱਜ ਸਪੀਕਰ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ। ਉਨ੍ਹਾਂ ਮੌਕੇ ’ਤੇ ਮੌਜੂਦ ਚੀਫ਼ ਇੰਜੀਨੀਅਰ ਰਾਜੇਸ਼ ਗੋਇਲ ਅਤੇ ਸੁਪਰਡੈਂਟ ਇੰਜੀਨੀਅਰ ਟੀ. ਸਰਵਰ ਨਾਲ ਗੱਲ ਕੀਤੀ ਪਰ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ।
ਸਰਪੰਚ ਅੰਕਿਤ ਸਮੇਤ ਕਈ ਪਿੰਡ ਵਾਸੀਆਂ ਨੇ ਬਿਜਲੀ ਨਿਗਮ ਦੇ ਅਧਿਕਾਰੀਆਂ ਦੇ ਇਸ ਕਾਰਨਾਮੇ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪਿੰਡ ਵਾਸੀਆਂ ਨੇ ਸਪੀਕਰ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ।