ਚੀਮਾ ਪਰਿਵਾਰ ਤੇ ਸਮਰਥਕਾਂ ਸਮੇਤ ਗੁਰਦੁਆਰਾ ਭੱਠਾ ਸਾਹਿਬ ਤੇ ਲਹਿਰੀ ਸ਼ਾਹ ਮੰਦਿਰ ਵਿੱਚ ਹੋਏ ਨਤਮਸਤਕ
ਬਹਾਦਰਜੀਤ ਸਿੰਘ
ਰੂਪਨਗਰ, 15 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਹਰਿਆਣਾ ਦੇ ਗ੍ਰੀਹ ਮੰਤਰੀ ਅਨਿਲ ਵਿੱਜ ਤੇ ਹਰਿਆਣਾ ਭਾਜਪਾ ਦੇ ਪ੍ਰਧਾਨ ਓਮ ਪ੍ਰਕਾਸ਼ ਧਨਖੜ ਵੱਲੋਂ ਕਿਸਾਨੀ ਅੰਦੋਲਨ ਸਬੰਧੀ ਦਿੱਤੇ ਗਏ ਬਿਆਨਾਂ ਦੀ ਨਿਖੇਧੀ ਕੀਤੀ ਹੈ।
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਅਨਿਲ ਵਿੱੱਜ ਦਾ ਇਹ ਬਿਆਨ ਕਿ ਕਿਸਾਨ ਅੰਦੋਲਨ ਇੱਕ ਗਦਰ ਹੈ ਇੱਕ ਉਕਸਾਉਣ ਵਾਲਾ ਬਿਆਨ ਹੈ। ਉਨ੍ਹਾਂ ਕਿਹਾ ਕਿ ਸ੍ਰੀ ਵਿੱਜ ਨੂੰ ਅਜਿਹੇ ਉਕਸਾਹਟ ਭਰੇ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਭਾਜਪਾ ਪ੍ਰਧਾਨ ਓਮ ਪ੍ਰਕਾਸ਼ ਦਨਖੜ ਦਾ ਬਿਆਨ ਕਿ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਹੈ ਹਰਿਆਣਾ ਦੇ ਸੋਨੀਪਤ ਇਲਾਕੇ ਵਿੱਚ ਨਸ਼ੇ ਦਾ ਕਾਰੋਬਾਰ ਵਧ ਗਿਆ ਹੈ, ਵੀ ਨਿੰਦਨਯੋਗ ਹੈ। ਉਨ੍ਹਾਂ ਕਿਹਾ ਕਿ ਅੰਦਲੋਨ ਕਰ ਰਹੇ ਕਿਸਾਨਾਂ ਨੂੰ ਪਹਿਲਾਂ ਵੀ ਖਾਲਿਸਤਾਨੀ, ਨਕਸਲਬਾੜੀ ਆਦਿ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 17 ਸਤੰਬਰ ਨੂੰ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ’ਚ ਸੰਸਦ ਭਵਨ ਤੱਕ ਕੀਤੇ ਜਾਣ ਵਾਲੇ ਮਾਰਚ ਤੇ ਦਿੱਲੀ ਤੋਂ ਕੱਟੜਾ ਤੱਕ ਬਣਨ ਵਾਲੇ ਕੌਮੀ ਸ਼ਾਹਰਾਹ ਲਈ ਅਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦਾ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ 24 ਸਤੰਬਰ ਨੂੰ ਪਟਿਆਲਾ ’ਚ ਵੱਡੀ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਉਨ੍ਹਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿੱਚ ਬੇਅਦਬੀ ਦੀ ਵਾਪਰੀ ਘਟਨਾ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸਬੰਧੀ ਪੁਲੀਸ ਜਾਂਚ ਮੁਕੰਮਲ ਹੋਣ ’ਤੇ ਪੁਲੀਸ ਦੇ ਪੱਖ ਦਾ ਇੰਤਜਾਰ ਕੀਤਾ ਜਾਵੇਗਾ।
ਡਾ. ਚੀਮਾ ਪਾਰਟੀ ਵੱਲੋਂ ਉਨ੍ਹਾਂ ਨੂੰ ਰੂਪਨਗਰ ਹਲਕੇ ਤੋਂ ਮੁੜ ਉਮੀਦਵਾਰ ਬਣਾਏ ਜਾਣ ’ਤੇ ਅੱਜ ਆਪਣੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਸਣੇ ਇਥੇ ਗੁਰਦੁਆਰਾ ਭੱਠਾ ਸਾਹਿਬ ਤੇ ਸ਼ਹਿਰ ਦੇ ਪੁਰਾਣੇ ਤੇ ਇਤਿਹਾਸਕ ਲਹਿਰੀ ਸ਼ਾਹ ਮੰਦਿਰ ਵਿੱਚ ਨਤਮਸਤਕ ਹੋਏ।
ਇਸ ਮੌਕੇ ਉਨ੍ਹਾਂ ਕਿਹਾ ਕਿ ਨਾ ਸਿਰਫ 13 ਨੁਕਾਤੀ ਏਜੰਡਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਾਗੂ ਕਰੇਗੀ ਬਲਕਿ ਰੂਪਨਗਰ ਹਲਕੇ ਦੇ ਵਿਕਾਸ ਵਾਸਤੇ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਦੀ ਪਤਨੀ ਡਾ. ਹਰਵਿੰਦਰ ਕੌਰ ਚੀਮਾ, ਆਸਦੀਪ ਸਿੰਘ ਚੀਮਾ, ਪ੍ਰਿਥੀਪਾਲ ਸਿੰਘ ਬੋਪਾਰਾਏ, ਡਾ. ਕਰਨਪ੍ਰੀਤ ਸਿੰਘ ਬੋਪਾਰਾਏ, ਸੁਖਵਿੰਦਰ ਸਿੰਘ ਸੁੱਖਾ, ਕੁਲਵਿੰਦਰ ਸਿੰਘ ਬਾਜਵਾ, ਜਿੰਮੀ, ਬਹੁਜਨ ਸਮਾਜ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਲੌਂਗੀਆ, ਹਲਕਾ ਪ੍ਰਧਾਨ ਮਾਸਟਰ ਮੋਹਣ ਸਿੰਘ ਨੋਧੇ ਮਾਜਰਾ ਆਦਿ ਹਾਜ਼ਰ ਸਨ।
ਕੈਪਸ਼ਨ: ਦਲਜੀਤ ਸਿੰਘ ਚੀਮਾ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਅਕਾਲੀ-ਬਸਪਾ ਵਰਕਰਾਂ ਨਾਲ।