ਹਰਜੀਤ ਸਿੰਘ
ਡੇਰਾਬੱਸੀ, 8 ਜੂਨ
ਸਰਕਾਰੀ ਕਾਲਜ ਵਿੱਚ ਪ੍ਰਿੰਸੀਪਲ ਡਾ. ਅਮਨਦੀਪ ਕੌਰ ਦੀ ਸਰਪ੍ਰਸਤੀ ਹੇਠ ਕਾਲਜ ਦੇ ਭਾਸ਼ਾ ਮੰਚ ਵੱਲੋਂ ਭਾਸ਼ਾ ਵਿਭਾਗ, ਐੱਸਏਐੱਸ ਨਗਰ ਦੇ ਸਹਿਯੋਗ ਨਾਲ ਪੰਜਾਬੀ ਦੇ ਕਵੀ ਜਸਵੰਤ ਜ਼ਫ਼ਰ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਮੁੱਖ ਮਹਿਮਾਨ ਜਸਵੰਤ ਜ਼ਫ਼ਰ ਅਤੇ ਵਿਸ਼ੇਸ਼ ਮਹਿਮਾਨ ਡਾ. ਦਵਿੰਦਰ ਸਿੰਘ ਬੋਹਾ ਦਾ ਸਵਾਗਤ ਕਰਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਾਹਿਤ ਸਿਰਜਣਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਜਸਵੰਤ ਜ਼ਫ਼ਰ ਨੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਉਨ੍ਹਾਂ ਨੂੰ ਆਪਣੇ ਜੀਵਨ ਅਤੇ ਸਾਹਿਤ ਸਿਰਜਣਾ ਬਾਰੇ ਦੱਸਿਆ ਅਤੇ ਆਪਣੀਆਂ ਕਵਿਤਾਵਾਂ ਬੜੇ ਭਾਵਪੂਰਤ ਢੰਗ ਨਾਲ ਸੁਣਾਈਆਂ। ਜਸਵੰਤ ਜ਼ਫ਼ਰ ਨੇ ਕਵਿਤਾਵਾਂ ਸੁਣਾਉਣ ਦੇ ਨਾਲ-ਨਾਲ ਜੀਵਨ, ਮਨੁੱਖੀ ਹੋਂਦ, ਸਿੱਖਿਆ ਅਤੇ ਮਾਤ-ਭਾਸ਼ਾ, ਸਾਹਿਤ ਅਤੇ ਸਮਾਜ ਆਦਿ ਬਾਰੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਨ੍ਹਾਂ ਨੇ ਭਾਈ ਘਨ੍ਹੱਈਆ, ਨਾਨਕ, ਅਰਦਾਸ, ਬੱਚਾ, ਭਾਣਾ, ਜ਼ੀਰੋ ਆਦਿ ਕਵਿਤਾਵਾਂ ਸੁਣਾਈਆਂ। ਇਸ ਤੋਂ ਬਾਅਦ ਡਾ. ਦਵਿੰਦਰ ਸਿੰਘ ਬੋਹਾ ਨੇ ਵਿਦਿਆਰਥੀਆਂ ਨੂੰ ਸਾਹਿਤ ਤੋਂ ਸੇਧ ਲੈ ਕੇ ਜ਼ਿੰਦਗੀ ਵਿਚ ਸਫ਼ਲਤਾ ਵੱਲ ਵਧਣ ਲਈ ਪ੍ਰੇਰਿਤ ਕੀਤਾ। ਮੰਚ ਸੰਚਾਲਨ ਲਾਇਬ੍ਰੇਰੀਅਨ ਭੁਪਿੰਦਰ ਕੌਰ ਦੁਆਰਾ ਬਾਖੂਬੀ ਕੀਤਾ ਗਿਆ।
ਜ਼ਿਲ੍ਹਾ ਲਿਖਾਰੀ ਸਭਾ ਵੱਲੋਂ ਮਾਸਿਕ ਇਕੱਤਰਤਾ
ਰੂਪਨਗਰ (ਪੱਤਰ ਪ੍ਰੇਰਕ): ਜ਼ਿਲ੍ਹਾ ਰੂਪਨਗਰ ਲਿਖਾਰੀ ਸਭਾ ਦੀ ਸਾਹਿਤਕ ਇਕੱਤਰਤਾ ਗਾਂਧੀ ਸਕੂਲ ਰੂਪਨਗਰ ਵਿੱਚ ਸੁਰੇਸ਼ ਭਿਉਰਾ ਦੀ ਪ੍ਰਧਾਨਗੀ ਹੇਠ ਹੋਈ। ਸਾਹਿਤ ਸਭਾ ਵਿੱਚ ਹਾਜ਼ਰ ਸਾਹਿਤਕਾਰਾਂ ਨੇ ਵਾਤਾਵਰਨ ਨੂੰ ਸਮਰਪਿਤ ਰਚਨਾਵਾਂ ਸੁਣਾਈਆਂ। ਸਭਾ ਦੇ ਖਾਸ ਸੱਦੇ ’ਤੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸਾਹਿਤਕਾਰ ਹਰਨਾਮ ਸਿੰਘ ਡੱਲਾ ਨੇ ਕਿਹਾ ਕਿ ਵਾਤਾਵਰਨ ਦੇ ਸੁਧਾਰ ਲਈ ਵਿਖਾਵਾ ਛੱਡ ਕੇ ਸੱਚੇ ਮਨ ਨਾਲ ਜੁੜਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਦੀ ਮੁਹਿੰਮ ਸਿਰਫ ਅਖ਼ਬਾਰੀ ਸੁਰਖੀਆਂ ਦਾ ਸ਼ਿੰਗਾਰ ਬਣਨ ਤੱਕ ਹੀ ਸੀਮਤ ਨਹੀਂ ਰਹਿਣੀ ਚਾਹੀਦੀ, ਬਲਕਿ ਲਗਾਏ ਗਏ ਪੌਦੇ ਦੀ ਦੇਖਭਾਲ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਗੁਰਨਾਮ ਸਿੰਘ ਬਿਜਲੀ, ਈਸ਼ਰ ਸਿੰਘ ਥਲੀ, ਕੇਸਰ ਸਿੰਘ ਕੰਗ, ਭਰਪੂਰ ਸਿੰਘ ਢੋਲਣ ਮਾਜਰਾ, ਕੁਲਵਿੰਦਰ ਸਿੰਘ ਬੱਬੂ, ਸੁਰਿੰਦਰ ਕੌਰ ਸੈਣੀ, ਦਵਿੰਦਰ ਹੀਰ ਆਦਿ ਵਾਤਾਵਰਨ ਨੂੰ ਸਹੀ ਮਾਅਨਿਆਂ ਵਿੱਚ ਸੰਭਾਲਣ ਦਾ ਹੋਕਾ ਦਿੱਤਾ।