ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਗਸਤ
ਸੋਹਣੇ ਸ਼ਹਿਰ ਚੰਡੀਗੜ੍ਹ ਦਾ ਵਾਤਾਵਰਨ ਬਚਾਉਣ ਲਈ ਚੰਡੀਗੜ੍ਹ ਪ੍ਰਦੂਸ਼ਣ ਰੋਕਥਾਮ ਕਮੇਟੀ ਵੱਲੋਂ ਸੈਕਟਰ-26 ਸਥਿਤ ਟਰਾਂਸਪੋਰਟ ਚੌਕ ਵਿੱਚ ਹਵਾ ਸ਼ੁੱਧੀਕਰਨ ਸਟੇਸ਼ਨ ਸਥਾਪਤ ਕੀਤਾ ਗਿਆ ਹੈ। ਇਸ ਸਟੇਸ਼ਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਹ ਸ਼ਹਿਰ ਦੀ ਹਵਾ ਨੂੰ ਸਾਫ਼ ਸੁਥਰਾ ਕਰਨ ਦਾ ਕੰਮ ਕਰੇਗਾ। ਹਵਾ ਦੇ ਸਾਫ਼ ਹੋਣ ਨਾਲ ਸ਼ਹਿਰ ਦਾ ਤਾਪਮਾਨ ਵੀ 5 ਤੋਂ 6 ਡਿਗਰੀ ਘੱਟ ਜਾਵੇਗਾ। ਸ਼ੁੱਧੀਕਰਨ ਕੇਂਦਰ ਨੂੰ ਜਲਦੀ ਹੀ ਲੋਕ ਅਰਪਣ ਕੀਤਾ ਜਾਵੇਗਾ। ਇਸ ਸਟੇਸ਼ਨ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵੱਲੋਂ ਕੀਤਾ ਜਾਵੇਗਾ। ਚੰਡੀਗੜ੍ਹ ਪ੍ਰਦੂਸ਼ਣ ਰੋਕਥਾਮ ਕਮੇਟੀ ਵੱਲੋਂ ਟਰਾਂਸਪੋਰਟ ਚੌਕ ਵਿੱਚ ਹਵਾ ਸ਼ੁੱਧੀਕਰਨ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਨੂੰ ਦਿੱਲੀ ਦੀ ਕੰਪਨੀ ਬਣਾ ਰਹੀ ਹੈ। ਕੰਪਨੀ ਵੱਲੋਂ 24 ਮੀਟਰ ਦੀ ਉਚਾਈ ’ਤੇ ਬਣਾਇਆ ਜਾ ਰਿਹਾ ਇਹ ਕੇਂਦਰ ਆਲੇ-ਦੁਆਲੇ 500 ਮੀਟਰ ਦੇ ਦਾਇਰੇ ਵਿੱਚ ਹਵਾ ਨੂੰ ਸਾਫ਼ ਕਰੇਗਾ। ਇਸ ਦੇ ਨਾਲ ਹੀ ਹਵਾ ਸ਼ੁੱਧੀਕਰਨ ਸਟੇਸ਼ਨ ’ਤੇ ਇਕ ਸਕਰੀਨ ਲਗਾਈ ਜਾਵੇਗੀ, ਜਿਸ ’ਤੇ ਹਵਾ ਵਿੱਚ ਪ੍ਰਦੁਸ਼ਣ ਦੀ ਮਾਤਰਾ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਆਪਣੀ ਤਰ੍ਹਾਂ ਦਾ ਇਹ ਪਹਿਲਾ ਹਵਾ ਸ਼ੁੱਧੀ ਸਟੇਸ਼ਨ ਸਥਾਪਤ ਕੀਤਾ ਜਾ ਰਿਹਾ ਹੈ। ਇਸ ਦੇ ਵਧੀਆ ਨਤੀਜੇ ਸਾਹਮਣੇ ਆਉਣ ’ਤੇ 12 ਹੋਰ ਅਜਿਹੇ ਸਟੇਸ਼ਨ ਸਥਾਪਤ ਕੀਤੇ ਜਾਣਗੇ। ਅਜਿਹੇ ਹੋਰ ਸਟੇਸ਼ਨ ਸਥਾਪਤ ਕਰਨ ਲਈ ਡੱਡੂਮਾਜਰਾ ਡੰਪਿਗ ਗਰਾਊਂਡ ਨੇੜੇ, ਸੈਕਟਰ-17, ਸੈਕਟਰ-43 ਬੱਸ ਅੱਡੇ, ਹੱਲੋ ਮਾਜਰਾ, ਟ੍ਰਿਬਿਊਨ ਚੌਕ, ਇੰਡਸਟਰੀਅਲ ਏਰੀਆ, ਸੈਕਟਰ-8 ਤੇ 17 ਦੇ ਚੌਕ ਸਣੇ ਹੋਰਨਾਂ ਕਈ ਥਾਵਾਂ ਦੀ ਚੋਣ ਕੀਤੀ ਗਈ ਹੈ।