ਮੁਕੇਸ਼ ਕੁਮਾਰ
ਚੰਡੀਗੜ੍ਹ, 21 ਮਈ
ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਵਾਇਰਲ ਹੋਈ ਫੋਨ ਰਿਕਾਰਡਿੰਗ ਜਾਰੀ ਕਰਦੇ ਹੋਏ ਇਥੋਂ ਦੇ ਇਕ ‘ਆਪ’ ਕੌਂਸਲਰ ’ਤੇ ਵੈਂਡਰਾਂ ਤੋਂ ਵਸੂਲੀ ਕਰਨ ਦਾ ਦੋਸ਼ ਲਗਾਇਆ ਹੈ। ਸ੍ਰੀਮਤੀ ਦੂਬੇ ਨੇ ਇਸ ਬਾਰੇ ਚੰਡੀਗੜ੍ਹ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਅਤੇ ਦੇ ਉਨ੍ਹਾਂ ਦੇ ਸਲਾਹਕਾਰ ਧਰਮਪਾਲ ਨੂੰ ਸ਼ਿਕਾਇਤ ਭੇਜ ਕੇ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਮਹਿਲਾ ਕਾਂਗਰਸ ਪ੍ਰਧਾਨ ਵੱਲੋਂ ਦਿੱਤੀ ਗਈ ਸ਼ਿਕਾਇਤ ਨਾਲ ਭੇਜੀ ਗਈ ਫੋਨ ਰਿਕਾਰਡਿੰਗ ਵਿੱਚ ਉਨ੍ਹਾਂ ਨੇ ‘ਆਪ’ ਕੌਂਸਲਰ ਅਤੇ ਇੱਕ ਵੈਂਡਰ ਦਰਮਿਆਨ ਪੈਸਿਆਂ ਦੇ ਲੈਣ-ਦੇਣ ਬਾਰੇ ਹੋਈ ਗੱਲ ਦਾ ਖੁਲਾਸਾ ਕੀਤਾ ਹੈ। ਸ੍ਰੀਮਤੀ ਦੂਬੇ ਨੇ ਸ਼ਿਕਾਇਤ ਵਿੱਚ ਕਿਹਾ ਕਿ ‘ਆਪ’ ਕੌਂਸਲਰ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਲੋੜਵੰਦਾਂ ਤੋਂ ਕਥਿਤ ਤੌਰ ’ਤੇ ਪੈਸੇ ਵਸੂਲ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਸ਼ਹਿਰ ਦੇ ਵਿਕਾਸ ਦੀ ਕੋਈ ਚਿੰਤਾ ਨਹੀਂ ਹੈ। ਸ੍ਰੀਮਤੀ ਦੂਬੇ ਨੇ ਦੋਸ਼ ਲਗਾਇਆ ਕਿ ਲੋੜਵੰਦ ਲੋਕ ਰੇਹੜੀ-ਫੜ੍ਹੀ ਲਗਾ ਕੇ ਦੋ ਵਕਤ ਦੀ ਰੋਟੀ ਕਮਾ ਰਹੇ ਹਨ ਜਿਨ੍ਹਾਂ ਤੋਂ ਵਾਰਡ ਕੌਂਸਲਰ ਹਫਤਾ ਵਸੂਲੀ ਕਰ ਰਿਹਾ ਹੈ।
ਇਨ੍ਹਾਂ ਦੋਸ਼ਾਂ ਬਾਰੇ ਚੰਡੀਗੜ੍ਹ ‘ਆਪ’ ਪ੍ਰਧਾਨ ਪ੍ਰੇਮ ਗਰਗ ਤੋਂ ਪੱਖ ਲੈਣ ਲਈ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦੇ ਵਿਦੇਸ਼ ਹੋਣ ਬਾਰੇ ਜਾਣਕਾਰੀ ਮਿਲੀ ਤੇ ਸੰਪਰਕ ਨਹੀਂ ਹੋ ਸਕਿਆ।