ਮੁਕੇਸ਼ ਕੁਮਾਰ
ਚੰਡੀਗੜ੍ਹ, 4 ਫਰਵਰੀ
ਇਥੇ ਕਾਂਗਰਸੀ ਆਗੂ ਨੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਅਨੂਪ ਗੁਪਤਾ ਦੇ ਖ਼ਿਲਾਫ਼ ਕੌਂਸਲਰ ਦੀ ਚੋਣ ਲੜਨ ਵੇਲੇ ਕਥਿਤ ਗਲਤ ਹਲਫ਼ਨਾਮਾ ਦਾਖਲ ਕਰਨ ਨੂੰ ਲੈ ਕੇ ਚੰਡੀਗੜ੍ਹ ਪੁਲੀਸ ਕੋਲ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਹੈ। ਕਾਂਗਰਸ ਪਾਰਟੀ ਵਲੋਂ ਨਗਰ ਨਿਗਮ ਦੇ ਵਾਰਡ ਨੰਬਰ 11 ਤੋਂ ਕੌਂਸਲਰ ਦੇ ਅਹੁਦੇ ਲਈ ਬਤੌਰ ਚੋਣ ਲੜਨ ਵਾਲੇ ਰਾਜੀਵ ਕੁਮਾਰ ਮੋਦਗਿਲ ਵਲੋਂ ਡਿਪਟੀ ਮੇਅਰ ਅਨੂਪ ਗੁਪਤਾ ਖ਼ਿਲਾਫ਼ ਚੋਣ ਲੜੀ ਸੀ ਜਿਸ ’ਚ ਭਾਜਪਾ ਆਗੂ ਅਨੂਪ ਗੁਪਤਾ ਨੇ ਰਾਜੀਵ ਮੋਦਗਿਲ ਨੂੰ ਹਰਾਇਆ ਸੀ। ਐਸਐਸਪੀ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਾਂਗਰਸੀ ਆਗੂ ਰਾਜੀਵ ਮੋਦਗਿਲ ਨੇ ਸੀਨੀਅਰ ਡਿਪਟੀ ਮੇਅਰ ਅਨੁੂਪ ਗੁਪਤਾ ਖ਼ਿਲਾਫ਼ ਐਫਆਈਆਰ ਦਰਜ ਕਰਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਰਾਜੀਵ ਮੋਦਗਿਲ ਡਿਪਟੀ ਕਮਿਸ਼ਨਰ ਕੋਲ ਵੀ ਅਨੂਪ ਗੁਪਤਾ ਦੀ ਚੋਣ ਨੂੰ ਚੁਣੌਤੀ ਦਿੰਦਿਆਂ ਦੁਬਾਰਾ ਚੋਣ ਕਰਵਾਉਣ ਦੀ ਮੰਗ ਕਰ ਚੁੱਕੇ ਹਨ। ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਾਂਗਰਸੀ ਆਗੂ ਰਾਜੀਵ ਮੋਦਗਿਲ ਨੇ ਦੋਸ਼ ਲਗਾਇਆ ਹੈ ਕਿ ਅਨੂਪ ਗੁਪਤਾ ਨੇ ਵਾਰਡ ਨੰਬਰ 11 ਤੋਂ ਬਤੌਰ ਭਾਜਪਾ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਪੇਸ਼ ਕਰਨ ਵੇਲੇ ਚੋਣ ਅਧਿਕਾਰੀ ਦੇ ਸਾਹਮਣੇ ਝੂਠਾ ਹਲਫ਼ਨਾਮਾ ਦਾਖਲ ਕੀਤਾ ਸੀ। ਇਸ ਤਰ੍ਹਾਂ ਅਨੂਪ ਗੁਪਤਾ ਨੇ ਵੋਟਰਾਂ ਅੱਗੇ ਆਪਣੀ ਅਸਲੀ ਜਾਣਕਾਰੀ ਨੂੰ ਛੁਪਾਇਆ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਅਨੂਪ ਗੁਪਤਾ ਦਾ ਨਾਮ 2007 ਤੋਂ ਪੰਜਾਬ ਐਂਡ ਹਰਿਆਣਾ ਬਾਰ ਕਾਉਂਸਿਲ ਦੀ ਸੂਚੀ ਵਿੱਚ ਬਤੌਰ ਐਡਵੋਕੇਟ ਦਰਜ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਇਥੇ ਜ਼ਿਲ੍ਹਾ ਅਦਾਲਤ ਵਿੱਚ ਚੈਂਬਰ ਵੀ ਹੈ। ਰਾਜੀਵ ਮੋਦਗਿਲ ਮੁਤਾਬਕ ਬਾਰ ਕਾਉਂਸਿਲ ਦੇ ਨਿਯਮਾਂ ਅਨੁਸਾਰ ਅਨੂਪ ਗੁਪਤਾ ਇੱਕ ਵਕੀਲ ਦੇ ਰੂਪ ਵਿੱਚ ਆਪਣੀ ਨਾਮਜ਼ਗੀ ਭਰਨ ਤੋਂ ਪਹਿਲਾਂ ਬਾਰ ਕਾਉਂਸਿਲ ਵਿੱਚ ਇੱਕ ਹਲਫਨਾਮਾ ਦਰਜ ਕੀਤਾ ਗਿਆ ਸੀ। ਇਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਵਕੀਲ ਦੇ ਰੂਪ ਵਿੱਚ ਵਕਾਲਤ ਤੋਂ ਇਲਾਵਾ ਕਿਸੇ ਹੋਰ ਪੇਸ਼ੇ ਜਾਂ ਰੁਜ਼ਗਾਰ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਹੁਣ ਦਸੰਬਰ 2021 ਵਿੱਚ ਹੋਈਆਂ ਨਗਰ ਨਿਗਮ ਚੋਣਾਂ ਨੂੰ ਲੈਕੇ ਚੋਣ ਕਮਿਸ਼ਨ ਸਾਹਮਣੇ ਦਾਖਲ ਆਪਣੇ ਹਲਫਨਾਮੇ ਵਿੱਚ ਉਨ੍ਹਾਂ ਨੇ ਝੂਠ ਬੋਲਿਆ ਅਤੇ ਕਿਹਾ ਕਿ ਉਹ ਕੇਵਲ ਇੱਕ ਕਾਰੋਬਾਰੀ ਹਨ ਅਤੇ ਉਨ੍ਹਾਂ ਨੇ ਆਪਣੇ ਕਾਰੋਬਾਰ ਤੋਂ ਹੋਣ ਵਾਲੀ ਸਾਲਾਨਾ ਆਮਦਨੀ ਵੀ ਦਿਖਾਈ ਹੈ।