ਖਰੜ: ਮੰਦਰ ਵਾਲੀ ਗਲੀ ਦੇ ਕੁਝ ਵਾਸੀਆਂ ਨੇ ਐੱਸਡੀਐੱਮ ਰਵਿੰਦਰ ਸਿੰਘ ਨੂੰ ਮੰਗ ਪੱਤਰ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰਾਂ ਅੱਗੇ ਪਿਛਲੇ ਕਈ ਸਾਲ ਪਹਿਲਾਂ ਲੁੱਕ ਵਾਲੀਆਂ ਸੜਕਾਂ ਬਣੀਆਂ ਸਨ, ਜਿਨ੍ਹਾਂ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ। ਹੁਣ ਉਨ੍ਹਾਂ ਦੀ ਗਲੀ ਵਿੱਚ ਨਗਰ ਕੌਂਸਲ ਖਰੜ ਵੱਲੋਂ ਪੇਵਰ ਟਾਈਲਾਂ ਦਾ ਟੈਂਡਰ ਪਾਸ ਕਰਕੇ ਟਾਈਲਾਂ ਦੀਆਂ ਤਕਰੀਬਨ ਅੱਠ ਦਸ ਟਰਾਲੀਆਂ ਵੀ ਆ ਚੁੱਕੀਆਂ ਸਨ ਅਤੇ ਬਕਾਇਦਾ ਵਾਰਡ ਦੇ ਪ੍ਰਧਾਨ ਕੰਵਲਜੀਤ ਸਿੰਘ ਢਿੱਲੋਂ ਦੀ ਮੌਜੂਦਗੀ ਵਿੱਚ ਨਗਰ ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਅਤੇ ਵਾਰਡ ਨੰਬਰ-8 ਤੋਂ ਐੱਮਸੀ ਰਜਵੰਤ ਕੌਰ ਝੂੰਗੀਆ ਵੱਲੋਂ ਕੰਮ ਦਾ ਉਦਘਾਟਨ ਵੀ ਕੀਤਾ ਗਿਆ ਸੀ ਪਰ ਕੁਝ ਘਰਾਂ ਵਲੋਂ ਇਸ ਕੰਮ ਵਿਚ ਰੁਕਾਵਟ ਖੜ੍ਹੀ ਕੀਤੀ ਜਾ ਰਹੀ ਹੈ। ਕੱਲ੍ਹ ਨਗਰ ਕੌਂਸਲ ਦੇ ਜੇਈ ਵੱਲੋਂ ਮੌਕੇ ਦਾ ਜਾਇਜ਼ਾ ਵੀ ਲਿਆ ਗਿਆ ਪਰ ਹੁਣ ਕੰਮ ਬੰਦ ਕਰਵਾ ਦਿੱਤਾ ਗਿਆ। ਐੱਸਡੀਐੱਮ ਨੇ ਮੌਕੇ ’ਤੇ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤੁਰੰਤ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਅਤੇ ਜੇਕਰ ਸਰਕਾਰੀ ਕੰਮ ਵਿਚ ਕੋਈ ਵਿਅਕਤੀ ਵਿਘਨ ਪਾਉਂਦਾ ਹੈ ਤਾਂ ਉਸ ਉਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ। -ਪੱਤਰ ਪ੍ਰੇਰਕ