ਪੱਤਰ ਪ੍ਰੇਰਕ
ਲਾਲੜੂ, 1 ਅਪਰੈਲ
ਨਾਜਾਇਜ਼ ਕਲੋਨੀਆਂ ਕੱਟਣ ਵਾਲੇ ਬਿਲਡਰ ਮਾਫੀਆ ਦੇ ਨਿਸ਼ਾਨੇ ’ਤੇ ਲਾਲੜੂ ਖੇਤਰ ਵੀ ਆ ਗਿਆ ਹੈ। ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਕਿ ਬਿਲਡਰ ਮਾਫੀਆ ਨੇ ਜ਼ੀਰਕਪੁਰ ਤੋਂ ਬਾਅਦ ਹੁਣ ਲਾਲੜੂ ਖੇਤਰ ਵੱਲ ਰੁਖ਼ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2013 ਤੋਂ ਬਾਅਦ ਬਣੀਆ 43 ਨਾਜਾਇਜ਼ ਕਲੋਨੀਆਂ ਦੀ ਸੂਚੀ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਗਈ ਹੈ। ਇਸ ਸਬੰਧੀ ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਸਾਹੀ ਨੇ ਕਿਹਾ ਕਿ ਜਿਨ੍ਹਾਂ ਬਿਲਡਰਜ਼ ਨੇ ਕਲੋਨੀਆਂ ਰੈਗੂਲਰ ਕਰਨ ਲਈ ਅਪਲਾਈ ਕੀਤਾ ਹੈ ਅਜੇ ਪੂਰੀ ਫੀਸ ਨਹੀਂ, ਨੂੰ ਨੋਟਿਸ ਭੇਜੇ ਜਾ ਰਹੇ ਹਨ।
ਸ਼ਾਮਲਾਤ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦੇ ਦੋਸ਼
ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਡੇਰਾਬਸੀ ਵਲੋਂ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਲਾਲੜੂ ਨੇੜਲੇ ਪਿੰਡ ਜਿਉਲੀ ਦੇ ਸਰਪੰਚ, ਬੀਡੀਪੀਓ ’ਤੇ ਇਕ ਕੰਪਨੀ ਨਾਲ ਕਥਿਤ ਤੌਰ ’ਤੇ ਮਿਲ ਕੇ ਪਿੰਡ ਦੀ ਸ਼ਾਮਲਾਤ ਜ਼ਮੀਨ ’ਤੇ ਕਬਜ਼ਾ ਕਰ ਕੇ ਉਸਾਰੀ ਕਰਵਾਉਣ ਦਾ ਦੋਸ਼ ਲਾਇਆ ਹੈ। ਸੁਸਾਇਟੀ ਦੇ ਚੈਅਰਮੇਨ ਅਵਤਾਰ ਸਿੰਘ ਨਗਲਾ ਆਦਿ ਨੇ ਦੱਸਿਆ ਕਿ ਪਿੰਡ ਜਿਉਲੀ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਸ਼ਾਮਲਾਤ ਜ਼ਮੀਨ ’ਤੇ ਉਸਾਰੀ ਕੀਤੀ ਜਾ ਰਹੀ ਹੈ ਜਿਸ ਦਾ ਪਿੰਡ ਵਾਸੀ ਵਿਰੋਧ ਕਰ ਰਹੇ ਹਨ। ਬੀਡੀਪੀਓ ਡੇਰਾਬਸੀ ਪਰਨੀਤ ਕੌਰ ਅਤੇ ਸਰਪੰਚ ਬਲਜੀਤ ਕੌਰ ਨੇ ਕਿਹਾ ਕਿ ਪਿੰਡ ਦੇ ਕੁੱਝ ਲੋਕ ਜਾਣਬੁੱਝ ਕੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਪਾ ਰਹੇ ਹਨ।