ਸ਼ਸ਼ੀਪਾਲ ਜੈਨ
ਖਰੜ, 27 ਅਕਤੂਬਰ
ਇੱਥੋ ਮੋਰਿੰਡਾ ਨੂੰ ਜਾਂਦੇ ਕੌਮੀ ਮਾਰਗ ’ਤੇ ਪੈਂਦੇ ਪਿੰਡ ਪੱਕੀ ਰੁੜਕੀ ਦੇ ਫੋਕਲ ਪੁਆਇੰਟ ਵਿਚਲੀ ਮੰਡੀ ਨੂੰ 22 ਸਾਲਾਂ ਬਾਅਦ ਜਿਣਸ ਨਸੀਬ ਹੋਈ ਹੈ।
ਚਾਰ ਏਕੜ ਥਾਂ ਵਿੱਚ ਬਣੇ ਹੋਏ ਤੇ ਖੰਡਰ ਬਣ ਚੁੱਕੇ ਫੋਕਲ ਪੁਆਇੰਟ ਵਿੱਚ ਮੰਡੀ ਲਈ ਬਣੇ ਪੱਕੇ ਫੜਾਂ ਉੱਤੇ ਪਹਿਲੀ ਵਾਰ ਮਾਰਕੀਟ ਕਮੇਟੀ ਖਰੜ ਵੱਲੋਂ ਝੋਨੇ ਦੀ ਖਰੀਦ ਆਰੰਭ ਕਰਵਾਈ ਗਈ ਹੈ। ਇਸ ਫ਼ੋਕਲ ਪੁਆਇੰਟ ਦਾ ਨੋਟੀਫ਼ੀਕੇਸ਼ਨ 1978 ਵਿੱਚ ਜਾਰੀ ਹੋਇਆ ਸੀ ਅਤੇ ਇਹ 1998 ਵਿੱਚ ਬਣ ਕੇ ਤਿਆਰ ਹੋਇਆ ਸੀ। ਮੰਡੀ ਵਿੱਚ ਐੱਫਸੀਆਈ ਵੱਲੋਂ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇੱਥੇ ਹੁਣ ਤੱਕ 26 ਹਜ਼ਾਰ ਕੁਇੰਟਲ ਦੇ ਕਰੀਬ ਝੋਨੇ ਦੀ ਖਰੀਦ ਹੋ ਚੁੱਕੀ ਹੈ। ਖਰੀਦੇ ਗਏ ਝੋਨੇ ਦੀ ਨਾਲੋ-ਨਾਲ ਭਰਾਈ ਦੇ ਨਾਲ 23 ਹਜ਼ਾਰ ਕੁਇੰਟਲ ਤੋਂ ਵਧੀਕ ਦੀ ਲਿਫਟਿੰਗ ਵੀ ਹੋ ਗਈ ਹੈ। ਪੱਕੀ ਰੁੜਕੀ ਦੀ ਮੰਡੀ ਚਾਲੂ ਹੋਣ ਨਾਲ ਇਸ ਦੇ ਨਾਲ ਲੱਗਦੇ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਨੂੰ ਫਾਇਦਾ ਹੋਇਆ ਹੈ ਤੇ ਕਿਸਾਨਾਂ ਨੂੰ ਆਪਣਾ ਝੋਨਾ ਕੁਰਾਲੀ ਜਾਂ ਖਰੜ ਦੀ ਮੰਡੀ ਵਿੱਚ ਲਿਜਾਉਣ ਤੋਂ ਛੁਟਕਾਰਾ ਮਿਲਿਆ ਹੈ। ਕਿਸਾਨਾਂ ਅਤੇ ਲੋਕਾਂ ਨੇ ਮੰਗ ਕੀਤੀ ਕਿ ਮੰਡੀ ਨੂੰ ਪੱਕੇ ਤੌਰ ’ਤੇ ਚਾਲੂ ਰੱਖਿਆ ਜਾਵੇ।
ਚੇਅਰਮੈਨ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ
ਮਾਰਕਿਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਅੱਜ ਪੱਕੀ ਰੁੜਕੀ ਦੀ ਮੰਡੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਖ੍ਰੀਦ ਏਜੰਸੀਆਂ ਦੇ ਕਰਮਚਾਰੀਆਂ ਅਤੇ ਆੜਤੀਆਂ ਨਾਲ ਮੀਟਿੰਗ ਕਰਕੇ ਖਰੀਦ ਦਾ ਜਾਇਜ਼ਾ ਲਿਆ। ਉਨ੍ਹਾਂ ਝੋਨਾ ਵੇਚਣ ਆਏ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ। ਕਿਸਾਨਾਂ ਅਤੇ ਆੜ੍ਹਤੀਆਂ ਦੀ ਮੰਗ ਉੱਤੇ ਉਨ੍ਹਾਂ ਮੰਡੀ ਨੂੰ ਪੱਕੀ ਸੜਕ ਨਾਲ ਜੋੜਨ ਵਾਲੇ 900 ਮੀਟਰ ਦੇ ਕਰੀਬ ਸੜਕ ਦੇ ਕੱਚੇ ਟੋਟੇ ਨੂੰ ਪੱਕਾ ਕਰਾਉਣ ਲਈ ਐਸਟੀਮੇਟ ਬਣਾ ਕੇ ਮੰਡੀਬੋਰਡ ਨੂੰ ਭੇਜਣ ਦਾ ਐਲਾਨ ਕੀਤਾ।