ਸੰਜੀਵ ਤੇਜਪਾਲ
ਮੋਰਿੰਡਾ, 17 ਨਵੰਬਰ
ਪਰਮਿੰਦਰ ਸਿੰਘ ਚਲਾਕੀ ਸਾਬਕਾ ਚੇਅਰਮੈਨ ਮਿਲਕ ਪਲਾਂਟ ਮੋਹਾਲੀ ਦੀ ਅਗਵਾਈ ਹੇਠ ਦੁੱਧ ਉਤਪਾਦਕਾਂ ਦੇ ਹੱਕ ਦਿਵਾਉਣ ਲਈ ਰੂਪਨਗਰ ਅਤੇ ਮੁਹਾਲੀ ਜ਼ਿਲ੍ਹੇ ਨੂੰ ਪੈਂਦੇ ਮਿਲਕ ਪਲਾਂਟ ਮੁਹਾਲੀ ਵਿੱਚ ਪਿੱਛਲੇ ਸਮੇਂ ਦੌਰਾਨ ਪਲਾਂਟ ਦੇ ਡਿਸਟ੍ਰੀਬਿਊਟਰਾਂ ਖ਼ਿਲਾਫ਼ ਲੜਾਈ ਲੜੀ ਜਾ ਰਹੀ ਹੈ। ਇਸ ਤਹਿਤ ਮਿਲਕ ਪਲਾਂਟ ਮੁਹਾਲੀ ਅੱਗੇ ਦੁੱਧ ਉਤਪਾਦਕਾਂ ਨੇ ਧਰਨਾ ਲਗਾਇਆ ਸੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਐੱਮ.ਡੀ. ਮਿਲਕਫੈੱਡ ਵੱਲੋਂ ਦੁੱਧ ਉਤਪਾਦਕਾਂ ਦੀ 24 ਨਵੰਬਰ ਨੂੰ ਗੱਲਬਾਤ ਅਤੇ ਮਸਲੇ ਦਾ ਹੱਲ ਕੱਢਣ ਲਈ ਚੰਡੀਗੜ੍ਹ ਮੀਟਿੰਗ ਰੱਖੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਫਿਲਮੀ ਕਲਾਕਾਰ ਮਲਕੀਤ ਸਿੰਘ ਰੌਣੀ ਨੇ ਦੱਸਿਆ ਕਿ ਮਿਲਕ ਪਲਾਂਟ ਮੁਹਾਲੀ ਦੇ ਡਿਸਟ੍ਰੀਬਿਊਟਰਾਂ ਵੱਲ 15 ਕਰੋੜ ਰੁਪਏ ਬਕਾਇਆ ਹਨ। ਤਤਕਾਲੀ ਜੀ.ਐੱਮ. ਵੱਲ ਸਵਾ 2 ਕਰੋੜ ਰੁਪਏ ਬਕਾਇਆ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਵਿੱਚ 70 ਰੁਪਏ 10 ਫੈਟ ਦੇ ਹਿਸਾਬ ਨਾਲ ਦੁੱਧ ਉਤਪਾਦਕਾਂ ਨੂੰ ਭਾਅ ਦਿੱਤਾ ਜਾਂਦਾ ਸੀ ਜਦੋਂਕਿ ਹੁਣ ਭਾਅ ਵਿੱਚ ਕਟੌਤੀ ਕਰ ਕੇ ਪਲਾਂਟ ਵੱਲੋਂ 64 ਰੁਪਏ 10 ਫੈਟ ਦਾ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਿਲਕ ਪਲਾਂਟ ਮੁਹਾਲੀ ਵੱਲੋਂ ਦੁੱਧ ਉਤਪਦਾਕਾਂ ਨੂੰ 2 ਕਰੋੜ 45 ਲੱਖ ਰੁਪਏ ਦਾ ਮੁਨਾਫ਼ਾ ਦੇਣਾ ਸੀ, ਪਰ ਉਸ ਵਿੱਚੋਂ 2 ਕਰੋੜ 25 ਲੱਖ ਹੀ ਮੁਨਾਫ਼ਾ ਦਿੱਤਾ ਹੈ ਅਤੇ 12 ਲੱਖ ਰੁਪਏ ਵਿਆਜ ਦੀ ਰਕਮ ਵੀ ਦੁੱਧ ਉਤਪਾਦਕਾਂ ਦੀ ਬਕਾਇਆ ਖੜ੍ਹੀ ਹੈ।
ਇਸੇ ਮਾਮਲੇ ਨੂੰ ਲੈ ਕੇ ਰੂਪਨਗਰ ਅਤੇ ਮੁਹਾਲੀ ਜ਼ਿਲ੍ਹੇ ਦੇ ਦੁੱਧ ਉਤਪਾਦਕਾਂ ਵੱਲੋਂ 10 ਮੈਂਬਰੀ ਕਮੇਟੀ ਕਮੇਟੀ ਕਾਇਮ ਕੀਤੀ ਗਈ ਹੈ। ਇਸ ਵਿੱਚ ਬਲਵੀਰ ਸਿੰਘ ਭੁੱਟੋਂ, ਸੁਖਦੇਵ ਸਿੰਘ ਬਰੌਲੀ, ਹਰਮਨਪ੍ਰੀਤ ਸਿੰਘ ਸਹੇੜੀ, ਪਰਮਿੰਦਰ ਸਿੰਘ ਚਲਾਕੀ, ਗੁਰਮੇਲ ਸਿੰਘ ਬਾੜਾ, ਰੂਪਾ ਸਿੰਘ ਖਵਾਸਪੁਰਾ, ਸਵਰਨ ਸਿੰਘ ਰੈਲੋਂ, ਮਲਕੀਤ ਸਿੰਘ ਰੌਣੀ, ਅਵਤਾਰ ਸਿੰਘ ਅਤੇ ਹਰਬੰਸ ਸਿੰਘ ਨੂੰ ਮੈਂਬਰ ਚੁਣਿਆ ਗਿਆ ਹੈ। ਇਹ ਮੈਂਬਰ 24 ਨਵੰਬਰ ਨੂੰ ਚੰਡੀਗੜ੍ਹ ਵਿਚ ਮਿਲਕ ਪਲਾਂਟ ਮੁਹਾਲੀ ਦੇ ਉੱਚ ਅਧਿਕਾਰੀਆਂ ਕੋਲ ਆਪਣਾ ਪੱਖ ਰੱਖਣਗੇ।