ਖੇਤਰੀ ਪ੍ਰਤੀਿਨਧ
ਚੰਡੀਗੜ੍ਹ, 6 ਮਾਰਚ
ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਇਥੇ ਸੈਕਟਰ 42 ਸਥਿਤ ਨਿਊ ਲੇਕ ਵਿਖੇ ਵਿੰਟੇਜ ਕਾਰ ਅਤੇ ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾ ਕੇ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ-2022’ ਦੇ ਜਸ਼ਨਾਂ ਦੀ ਸ਼ੁਰੂਆਤ ਕੀਤੀ। ਇਹ ਮਹਾਂਉਤਸਵ ਪੂਰੇ ਇੱਕ ਹਫਤੇ 6 ਤੋਂ 13 ਮਾਰਚ ਤੱਕ ਚੱਲੇਗਾ। ਇਸ ਦੌਰਾਨ ਪ੍ਰਗਤੀਸ਼ੀਲ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਅਤੇ ਦੇਸ਼ ਦੇ ਲੋਕਾਂ, ਸੱਭਿਆਚਾਰ ਅਤੇ ਪ੍ਰਾਪਤੀਆਂ ਦੇ ਸ਼ਾਨਦਾਰ ਇਤਿਹਾਸ ਦਾ ਜਸ਼ਨ ਮਨਾਇਆ ਜਾ ਰਿਹਾ ਹੈ।
ਅੱਜ ਇਸ ਜਸ਼ਨ ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਰਾਸ਼ਟਰ ਨੂੰ ਜਗਾਉਣ ਦਾ ਤਿਉਹਾਰ ਹੈ, ਚੰਗੇ ਸ਼ਾਸਨ ਦੇ ਸੁਫ਼ਨੇ ਪੂਰਾ ਕਰਨ ਦਾ ਤਿਉਹਾਰ ਅਤੇ ਵਿਸ਼ਵ ਸ਼ਾਂਤੀ ਤੇ ਵਿਕਾਸ ਦਾ ਤਿਉਹਾਰ। ਅੱਜ ਇਸ ਉਦਘਾਟਨੀ ਪ੍ਰੋਗਰਾਮ ਦੌਰਾਨ ਇੰਡੋ-ਤਿੱਬਤ ਬਾਰਡਰ ਪੁਲੀਸ ਦੇ ਮੋਟਰਸਾਈਕਲ ਸਵਾਰਾਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਕੇ ਦਰਸ਼ਕਾਂ ਨੂੰ ਰੋਮਾਂਚਿਤ ਕੀਤਾ। ਇਸ ਤੋਂ ਬਾਅਦ ਆਈਟੀਬੀਪੀ ਦੇ ਸੁਹੀਆ ਕੁੱਤਿਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਔਰਤਾਂ ਨੂੰ ਸਵੈ-ਸੁਰੱਖਿਅਤ ਅਤੇ ਤਾਕਤਵਰ ਬਣਾਉਣ ਦੀ ਲੋੜ ਨੂੰ ਉਜਾਗਰ ਕਰਦੇ ਹੋਏ, ਸਵੈ-ਰੱਖਿਆ ਸਿਖਲਾਈ ਪ੍ਰੋਗਰਾਮ ਤਹਿਤ ਚੰਡੀਗੜ੍ਹ ਪੁਲੀਸ ਵੱਲੋਂ ਸਿਖਲਾਈ ਪ੍ਰਾਪਤ ਵਿਦਿਆਰਥਣਾਂ ਨੇ ਸਵੈ-ਰੱਖਿਆ ਦੀਆਂ ਵੱਖ-ਵੱਖ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ।
ਪ੍ਰਸ਼ਾਸਕ ਨੇ ਵਿਦਿਆਰਥੀਆਂ ਦੇ ਬਹਾਦਰੀ ਭਰੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਵੱਧ ਤੋਂ ਵੱਧ ਔਰਤਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ। ਪ੍ਰੋਗਰਾਮ ਦੌਰਾਨ ਰੰਗੀਨ ਵਿਜ਼ੁਅਲ ਪੇਸ਼ਕਾਰੀਆਂ ਅਤੇ ਆਧੁਨਿਕ ਲੇਜ਼ਰ ਤਕਨੀਕਾਂ ਦੇ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਨੇ ਸ਼ਹਿਰ ਵਾਸੀਆਂ ਦਾ ਮਨ ਮੋਹ ਲਿਆ। ਪ੍ਰਸ਼ਾਸਨ ਵੱਲੋਂ ਪੂਰੇ ਇੱਕ ਹਫਤੇ ਮਨਾਏ ਜਾਣ ਵਾਲੇ ਆਜ਼ਾਦੀ ਦੇ ਇਸ ਮਹਾਉਤਸਵ ਨੂੰ ਲੈ ਕੇ ਸ਼ਹਿਰ ਵਿੱਚ ਵੱਖ- ਵੱਖ ਥਾਵਾਂ ’ਤੇ ਕਈ ਤਰ੍ਹਾਂ ਤੇ ਰੰਗਾਰੰਗ ਪ੍ਰੋਗਰਾਮ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਵਲੋਂ ਇਸ ਮਹਾਉਤਸਵ ਵਿੱਚ ਹਰ ਉਮਰ ਵਰਗ ਦੇ ਲੋਕਾਂ ਨੂੰ ਸ਼ਾਮਲ ਕਰਨ ਦਾ ਉਪਰਾਲਾ ਕੀਤਾ ਗਿਆ ਹੈ।
ਅੱਜ ਇਸ ਮਹਾਉਤਸਵ ਦੇ ਉਦਘਾਟਨ ਮੌਕੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਸਮੇਤ ਗ੍ਰਹਿ ਸਕੱਤਰ ਨਿਤਿਨ ਯਾਦਵ, ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ, ਸਕੱਤਰ ਸੱਭਿਆਚਾਰ ਵਿਨੋਦ ਵੀ ਕਾਵਲੇ, ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ, ਚੰਡੀਗੜ੍ਹ ਪੁਲੀਸ ਦੇ ਡੀਆਈਜੀ ਓਮਵੀਰ ਸਿੰਘ ਬਿਸ਼ਨੋਈ, ਆਈਜੀ ਆਈਟੀਬੀਪੀ ਈਸ਼ਵਰ ਸਿੰਘ ਦੁਹਾਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।