ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 19 ਮਾਰਚ
ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦੀ ਮਾਤਾ ਸਤਵੰਤ ਕੌਰ (80) ਨੂੰ ਬੰਦੀ ਬਣਾ ਕੇ ਉਨ੍ਹਾਂ ਦੀ ਫੇਜ਼-7 ਸਥਿਤ ਕੋਠੀ ਵਿੱਚੋਂ ਲੱਖਾਂ ਰੁਪਏ ਲੁੱਟ ਲਏ ਗਏ। ਭੱਲਾ ਦੇ ਨੌਕਰ ਆਰੀਅਨ ਨੇ ਤਿੰਨ ਸਾਥੀਆਂ ਨਾਲ ਮਿਲ ਕੇ ਇਹ ਲੁੱਟ ਕੀਤੀ। ਘਟਨਾ ਸਮੇਂ ਭੱਲਾ ਆਪਣੇ ਪਰਿਵਾਰ ਸਮੇਤ ਲੁਧਿਆਣਾ ਕਿਸੇ ਸਮਾਗਮ ਵਿੱਚ ਗਏ ਹੋਏ ਸਨ। ਨੌਕਰ ਦੇ ਫ਼ਰਾਰ ਹੋਣ ਮਗਰੋਂ ਭੱਲਾ ਦੀ ਮਾਂ ਨੇ ਰੱਸੀ ਨਾਲ ਬੰਨ੍ਹੀਆਂ ਬਾਹਾਂ ਅਤੇ ਲੱਤਾਂ ਨੂੰ ਖੁਦ ਖੋਲ੍ਹਿਆ ਅਤੇ ਭੱਲਾ ਦੇ ਸਾਥੀ ਬਾਲਮੁਕੁੰਦ ਸ਼ਰਮਾ ਨੂੰ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ। ਭੱਲਾ ਪਰਿਵਾਰ ਨੇ ਮੁਲਜ਼ਮ ਨੂੰ ਆਪਣੇ ਪੁਰਾਣੇ ਨੌਕਰ ਦੇ ਕਹਿਣ ’ਤੇ ਹੀ ਦੋ ਹਫ਼ਤੇ ਪਹਿਲਾਂ ਰੱਖਿਆ ਸੀ। ਉਹ ਘਰ ਦਾ ਸਾਰਾ ਕੀਮਤੀ ਸਾਮਾਨ ਚੋਰੀ ਕਰਨ ਤੋਂ ਇਲਾਵਾ ਘਰ ਵਿੱਚ ਪਿਆ ਲਾਇਸੈਂਸੀ ਰਿਵਾਲਵਰ ਵੀ ਚੋਰੀ ਕਰ ਕੇ ਲੈ ਗਏ ਹਨ। ਮੁਹਾਲੀ ਪੁਲੀਸ ਨੇ ਲੁਟੇਰਿਆਂ ਦੀ ਪੈੜ ਨੱਪਣ ਲਈ ਯਤਨ ਤੇਜ਼ ਕਰ ਦਿੱਤੇ ਹਨ। ਇਸ ਸਬੰਧੀ ਐੱਸਪੀ (ਸਿਟੀ), ਐੱਸਪੀ (ਡੀ), ਡੀਐੱਸਪੀ (ਸਿਟੀ-1) ਅਤੇ ਮਟੌਰ ਥਾਣਾ ਦੇ ਐੱਸਐੱਚਓ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਅਜੇ ਤਾਈਂ ਪੁਲੀਸ ਨੂੰ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ। ਮਟੌਰ ਥਾਣੇ ਦੇ ਐੱਸਐੱਚਓ ਨਵੀਨਪਾਲ ਸਿੰਘ ਲਹਿਰ ਨੇ ਦੱਸਿਆ ਕਿ ਪੁਲੀਸ ਦੀਆਂ ਟੀਮਾਂ ਵੱਲੋਂ ਸ਼ਹਿਰ ਸਮੇਤ ਮੁੱਖ ਸੜਕਾਂ ’ਤੇ ਟੌਲ ਪਲਾਜ਼ਿਆਂ ਉੱਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।