ਕਰਮਜੀਤ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 23 ਅਪਰੈਲ
ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ (ਜੱਗ ਜਿਉਂਦਿਆਂ ਦੇ ਮੇਲੇ) ਵੱਲੋਂ ਚੰਡੀਗੜ੍ਹ ਤੋਂ ਪਿੰਡ ਬਠਲਾਣਾ ਤੱਕ ਸਾਈਕਲ ਰੈਲੀ ਕੱਢੀ ਗਈ। ਇਸ ਵਿੱਚ ਟ੍ਰਾਈਸਿਟੀ ਦੇ 40 ਤੋਂ ਵੱਧ ਸਾਈਕਲਿਸਟਾਂ ਨੇ ਭਾਗ ਲਿਆ। ਰੈਲੀ ਵਿੱਚ ਸ਼ਾਮਲ ਟਰੱਸਟ ਦੇ ਕਾਰਕੁਨਾਂ ਵੱਲੋਂ ਰਸਤੇ ਵਿੱਚ ਪੈਂਦੇ ਪਿੰਡਾਂ ਵਿੱਚ ਨਸ਼ਿਆਂ ਤੋਂ ਬਚਣ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਹੋਕਾ ਦਿੱਤਾ ਗਿਆ।
ਪਿੰਡ ਬਠਲਾਣਾ ਵਿੱਚ ਕੌਮਾਂਤਰੀ ਪੁਆਧੀ ਮੰਚ ਦੇ ਸਰਗਰਮ ਕਾਰਕੁਨ ਹਰਦੀਪ ਸਿੰਘ ਬਠਲਾਣਾ ਦੀ ਅਗਵਾਈ ਹੇਠ ਸਾਰਿਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਾਈਕਲਿਸਟਾਂ ਨੇ ਖੁੱਲ੍ਹਾ ਅਖਾੜਾ ਸਜਾ ਕੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿੱਚ ਢੋਲ, ਬੀਨ, ਅਲਗੋਜ਼ੇ, ਚਿਮਟਾ, ਬੁਗਤੂ, ਹਰਮੋਨੀਅਮ, ਸਾਰੰਗੀ ਸਮੇਤ ਸਮੁੱਚੇ ਪੁਰਾਤਨ ਸਾਜਾਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ। ਉਨ੍ਹਾਂ ਬੋਲੀਆਂ, ਭੰਗੜਾ ਅਤੇ ਮਲਵਈ ਗਿੱਧਾ ਪਾ ਕੇ ਰੰਗ ਬੰਨ੍ਹਿਆ। ਟਰੱਸਟ ਦੇ ਕਾਰਕੁਨਾਂ ਪਰਮਦੀਪ ਭਬਾਤ, ਭਗਵੰਤ ਬੇਦੀ, ਜਸਪ੍ਰੀਤ ਰੰਧਾਵਾ ਦੱਸਿਆ ਕਿ ਇਹ ਉਨ੍ਹਾਂ ਦੀ 13ਵੀਂ ਸੱਭਿਆਚਾਰਕ ਅਤੇ ਸਿਹਤ ਜਾਗਰੂਕਤਾ ਸਾਈਕਲ ਰੈਲੀ ਸੀ। ਗੀਤਕਾਰ ਬਲਜੀਤ ਫਿੱਡਿਆਂਵਾਲਾ ਦਾ ਸੱਭਿਆਚਾਰਕ ਸਰਗਰਮੀਆਂ ਦੀ ਪੇਸ਼ਕਾਰੀ ਲਈ ਨਵਾਂ ਚੈਨਲ ‘ਚਾਚਾ ਜੀ’ ਵੀ ਲਾਂਚ ਕੀਤਾ ਗਿਆ।