ਕਰਮਜੀਤ ਸਿੰਘ ਚਿੱਲਾ
ਬਨੂੜ, 11 ਜੂਨ
ਇੱਥੋਂ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ਨੂੰ ਨਵਿਆਉਣ ਦਾ ਕੰਮ ਹਾਲੇ ਚੱਲ ਹੀ ਰਿਹਾ ਹੈ ਕਿ ਬਣ ਚੁੱਕੀ ਸੜਕ ਦੇ ਹਿੱਸੇ ਵਿੱਚ ਬੀਤੇ ਦੋ ਦਿਨਾਂ ਦੌਰਾਨ ਦੋ ਹਾਦਸੇ ਵਾਪਰ ਚੁੱਕੇ ਹਨ। ਨਵੀਂ ਸੜਕ ’ਤੇ ਡਿਵਾਈਡਰ ਨਾ ਹੋਣ ਕਾਰਨ ਇਹ ਸੜਕ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਲੰਘੀ ਰਾਤ ਵੀ ਇਸ ਸੜਕ ’ਤੇ ਪਿੰਡ ਤੰਗੌਰੀ ਨੇੜੇ ਦੋ ਕਾਰਾਂ ਵਿਚਾਲੇ ਹੋਈ ਟੱਕਰ ਵਿੱਚ ਪਿੰਡ ਦੁਰਾਲੀ ਦਾ ਮਨਜੀਤ ਸਿੰਘ ਨਾਮ ਦਾ ਇੱਕ ਨੌਜਵਾਨ ਮਾਰਿਆ ਗਿਆ ਸੀ।ਇਸੇ ਤਰ੍ਹਾਂ ਅੱਜ ਸਵੇਰੇ ਪਿੰਡ ਦੈੜੀ ਨੇੜੇ ਪੈਟਰੋਲ ਪੰਪ ਕੋਲ ਦੋ ਕਾਰਾਂ ਵਿਚਾਲੇ ਜ਼ਬਰਦਸਤ ਟੱਕਰ ਹੋਈ। ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਤੇ ਇੱਕ ਕਾਰ ਵਿੱਚ ਬੈਠਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇੱਕ ਕਾਰ ਵਿੱਚ ਦਿੱਲੀ ਦਾ ਇੱਕ ਪਰਿਵਾਰ ਦਿੱਲੀ ਤੋਂ ਕੀਰਤਪੁਰ ਸਾਹਿਬ ਜਾ ਰਿਹਾ ਸੀ। ਇਸ ਦੌਰਾਨ ਲਾਂਡਰਾਂ ਵੱਲੋਂ ਆ ਰਹੀ ਬਰੇਜ਼ਾ ਕਾਰ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ। ਬਰੇਜ਼ਾ ਕਾਰ ਵਿੱਚ ਸਿਰਫ਼ ਚਾਲਕ ਹੀ ਸੀ ਜਿਸ ਦਾ ਬਚਾਅ ਹੋ ਗਿਆ ਜਦਕਿ ਦਿੱਲੀ ਵੱਲੋਂ ਆ ਰਹੀ ਕਾਰ ਵਿੱਚ ਸਵਾਰ ਮਹਿਲਾ ਦੀ ਗੋਦੀ ’ਚ ਬੈਠੇ ਬੱਚੇ ਦੇ ਸਿਰ ਵਿੱਚ ਸੱਟ ਵੱਜੀ। ਉਸ ਨੂੰ ਇਲਾਜ ਲਈ ਸੋਹਾਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
ਇਸੇ ਦੌਰਾਨ ਇਲਾਕੇ ਦੇ ਸਰਪੰਚਾਂ-ਪੰਚਾਂ, ਨੰਬਰਦਾਰਾਂ, ਸਮਾਜ ਸੇਵੀ ਜਥੇਬੰਦੀਆਂ, ਕਿਸਾਨ ਆਗੂਆਂ ਤੇ ਯੂਥ ਕਲੱਬਾਂ ਨੇ ਕੌਮੀ ਮਾਰਗ ਅਥਾਰਿਟੀ ਅਤੇ ਪੰਜਾਬ ਸਰਕਾਰ ਕੋਲੋਂ ਸੰਭੂ ਤੋਂ ਖਰੜ ਨੂੰ ਜਾਂਦੇ ਇਸ ਕੌਮੀ ਮਾਰਗ ਵਿੱਚ ਡਿਵਾਈਡਰ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੜਕ ਦੇ ਦੋਵੇਂ ਪਾਸੇ ਜ਼ਮੀਨ ਪਈ ਹੈ।