ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਸਤੰਬਰ
ਚੰਡੀਗੜ੍ਹ ਪ੍ਰਸ਼ਾਸਨ ਦੇ ਉਚੇਰੀ ਸਿੱਖਿਆ ਵਿਭਾਗ ਨੇ ਸ਼ਹਿਰ ਦੇ ਕਾਲਜਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪੋਸਟ ਗ੍ਰੈਜੂਏਟ ਕੋਰਸਾਂ ਦੇ ਪਹਿਲੇ ਸਾਲ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀਆਂ ਸੀਟਾਂ ਦੇ ਵੇਰਵੇ 5 ਸਤੰਬਰ ਨੂੰ ਨਸ਼ਰ ਕੀਤੇ ਜਾਣ ਕਿਉਂਕਿ ਪੰਜਾਬ ਯੂਨੀਵਰਸਿਟੀ ਨੇ ਦਾਖਲਾ ਸ਼ਡਿਊਲ ਵਿੱਚ ਮੁੜ ਸੋਧ ਕਰ ਦਿੱਤੀ ਹੈ ਅਤੇ ਵਿਭਾਗ ਨੇ ਵੀ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਦਾਖਲਿਆਂ ਦੀ ਤਰੀਕ ਵਧਾ ਕੇ ਹੁਣ 4 ਸਤੰਬਰ ਕਰ ਦਿੱਤੀ ਹੈ।
ਉਚੇਰੀ ਸਿੱਖਿਆ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਨੇ ਪੋਸਟ ਗ੍ਰੈਜੂਏਟ ਕੋਰਸਾਂ ਲਈ ਦਾਖਲਾ ਸ਼ਡਿਊਲ ਬਹੁਤ ਪਹਿਲਾਂ ਤਿਆਰ ਕਰ ਲਿਆ ਸੀ ਪਰ ਗ੍ਰੈਜੂਏਟ ਕੋਰਸਾਂ ਦੇ ਨਤੀਜੇ ਦੇਰ ਨਾਲ ਆਉਣ ਕਾਰਨ ਆਖ਼ਰੀ ਤਰੀਕ ਕਈ ਵਾਰ ਵਧਾਈ ਗਈ। ਇਸ ਕਰ ਕੇ ਪੰਜਾਬ ਯੂਨੀਵਰਸਿਟੀ ਨੇ 2 ਸਤੰਬਰ ਨੂੰ ਕਾਲਜਾਂ ਨੂੰ ਪੱਤਰ ਲਿਖ ਕੇ ਆਰਟਸ, ਕਾਮਰਸ ਤੇ ਸਾਇੰਸ ਦਾ ਸੋਧਿਆ ਹੋਇਆ ਸ਼ਡਿਊਲ ਜਾਰੀ ਕਰ ਦਿੱਤਾ ਹੈ। ਕਾਲਜਾਂ ਨੂੰ ਕਿਹਾ ਗਿਆ ਹੈ ਕਿ ਉਹ 5 ਸਤੰਬਰ ਨੂੰ ਆਪਣੇ ਕਾਲਜ ਦੀ ਵੈੱਬਸਾਈਟ ’ਤੇ ਸੀਟਾਂ ਦੇ ਵੇਰਵੇ ਨਸ਼ਰ ਕਰਨ। ਪੰਜਾਬ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਵੱਲੋਂ 2 ਸਤੰਬਰ ਨੂੰ ਕਾਲਜ ਮੁਖੀਆਂ ਨੂੰ ਲਿਖੇ ਗਏ ਪੱਤਰ ਅਨੁਸਾਰ ਕਾਲਜਾਂ ਵਿੱਚ 5 ਸਤੰਬਰ ਨੂੰ ਦਾਖਲੇ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਨਸ਼ਰ ਕੀਤੀ ਜਾਵੇਗੀ ਅਤੇ ਕਾਲਜ 7 ਸਤੰਬਰ ਨੂੰ ਮੈਰਿਟ ਸੂਚੀ ਜਾਰੀ ਕਰਨਗੇ। ਕਾਲਜ 8 ਤੋਂ 15 ਸਤੰਬਰ ਤੱਕ ਬਿਨਾਂ ਲੇਟ ਫੀਸ ਦਾਖਲੇ ਕਰਨਗੇ ਅਤੇ 16 ਸਤੰਬਰ ਤੋਂ ਲੇਟ ਫੀਸ ਨਾਲ ਦਾਖਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕਾਲਜਾਂ ਵਿੱਚ ਪੋਸਟ ਗ੍ਰੈਜੂਏਟ ਕੋਰਸਾਂ ਦੀਆਂ ਜਮਾਤਾਂ 12 ਸਤੰਬਰ ਨੂੰ ਸ਼ੁਰੂ ਹੋਣਗੀਆਂ। ਕਾਲਜ ਦੇ ਪ੍ਰਿੰਸੀਪਲ ਦੀ ਇਜਾਜ਼ਤ ਨਾਲ 16 ਤੋਂ 23 ਸਤੰਬਰ ਤੱਕ ਅਤੇ ਵਾਈਸ ਚਾਂਸਲਰ ਦੀ ਇਜਾਜ਼ਤ ਨਾਲ 24 ਤੋਂ 30 ਸਤੰਬਰ ਤੱਕ ਦਾਖਲੇ ਕੀਤੇ ਜਾ ਸਕਦੇ ਹਨ।
ਕਾਲਜਾਂ ਵਿੱਚ ਸੀਟਾਂ ਭਰੀਆਂ ਪਰ ਖੇਤਰੀ ਸਹਿਕਾਰੀ ਸੰਸਥਾ ’ਚ ਅਜੇ ਵੀ ਮੌਕਾ
ਯੂਟੀ ਚੰਡੀਗੜ੍ਹ ਦੇ ਕਾਲਜਾਂ ਵਿੱਚ ਇਸ ਵਾਰ ਦੂਜੀ ਕਾਊਂਸਲਿੰਗ ਤੋਂ ਬਾਅਦ ਲਗਪਗ ਸਾਰੀਆਂ ਸਟ੍ਰੀਮਾਂ ਦੀਆਂ ਸੀਟਾਂ ਭਰ ਗਈਆਂ ਹਨ ਪਰ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾ ਸੈਕਟਰ-32ਸੀ ਵਿੱਚ ਹਾਲੇ ਵੀ ਬੀਬੀਏ ਦੀਆਂ ਸੀਟਾਂ ਖਾਲੀ ਪਈਆਂ ਹਨ ਜਿਸ ਕਾਰਨ ਬੀਬੀਏ ਵਿੱਚ ਵਿਦਿਆਰਥੀਆਂ ਨੂੰ ਸਿਰਫ ਇਸ ਸਰਕਾਰੀ ਸੰਸਥਾ ਵਿੱਚ ਹੀ ਦਾਖਲਾ ਮਿਲ ਸਕਦਾ ਹੈ। ਦੂਜੇ ਪਾਸੇ ਖੇਤਰੀ ਸਹਿਕਾਰੀ ਸੰਸਥਾ ਦੇ ਡਾਇਰੈਕਟਰ ਡਾ. ਆਰ.ਕੇ. ਸ਼ਰਮਾ ਨੇ ਦੱਸਿਆ ਕਿ ਜਦੋਂ ਪੰਜਾਬ ਯੂਨੀਵਰਸਿਟੀ ਨੇ ਸਾਂਝਾ ਦਾਖਲਾ ਪ੍ਰਾਸਪੈਕਟਸ ਤਿਆਰ ਕੀਤਾ ਤਾਂ ਉਨ੍ਹਾਂ ਦੀ ਸੰਸਥਾ ਨੂੰ ਬੀਬੀਏ ਕਰਵਾਉਣ ਦੀ ਇਜਾਜ਼ਤ ਨਹੀਂ ਮਿਲੀ ਸੀ ਪਰ ਹੁਣ ਪੰਜਾਬ ਯੂਨੀਵਰਸਿਟੀ ਅਤੇ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਨੇ ਉਨ੍ਹਾਂ ਦੀ ਸੰਸਥਾ ਨੂੰ ਸਿੱਧੀ ਕਾਊਂਸਲਿੰਗ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ 40 ਸੀਟਾਂ ਹਨ ਅਤੇ ਅੱਜ ਤੱਕ 35 ਸੀਟਾਂ ਭਰ ਚੁੱਕੀਆਂ ਹਨ ਜਦਕਿ ਪੰਜ ਸੀਟਾਂ ਹਾਲੇ ਵੀ ਖਾਲੀ ਹਨ। ਦੱਸਣਾ ਬਣਦਾ ਹੈ ਕਿ ਇਹ ਸੰਸਥਾ ਉੱਤਰੀ ਖੇਤਰ ਦੇ ਸਹਿਕਾਰੀ ਅਦਾਰਿਆਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਪ੍ਰਬੰਧਨ ਦੀ ਸਿਖਲਾਈ ਦਿੰਦੀ ਹੈ। ਖੇਤਰੀ ਡਾਇਰੈਕਟਰ ਆਰ.ਕੇ. ਸ਼ਰਮਾ ਨੇ ਦੱਸਿਆ ਕਿ ਬੀਬੀਏ ਵਿੱਚ ਦਾਖਲੇ ਲਈ ਵਿਦਿਆਰਥੀ 5 ਸਤੰਬਰ ਤੱਕ ਅਪਲਾਈ ਕਰ ਸਕਦੇ ਹਨ।