ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜਨਵਰੀ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਇਕ ਹਫ਼ਤੇ ਦਾ ਰਾਹਤ ਤੋਂ ਬਾਅਦ ਮੁੜ ਚੱਲੀ ਸੀਤ ਲਹਿਰ ਨੇ ਕੰਬਣੀ ਛੇੜ ਦਿੱਤੀ ਹੈ ਜਿਸ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ।
ਐਤਵਾਰ ਨੂੰ ਚੱਲੀ ਸੀਤ ਲਹਿਰ ਕਰਕੇ ਜ਼ਿਆਦਾਤਰ ਲੋਕ ਘਰਾਂ ਵਿੱਚ ਹੀ ਰਹੇ ਅਤੇ ਸ਼ਹਿਰ ਦੀਆਂ ਸੜਕਾਂ ’ਤੇ ਘੱਟ ਦਿਖਾਈ ਦਿੱਤੇ ਹਨ। ਇਸ ਦੇ ਨਾਲ ਹੀ ਸ਼ਹਿਰ ਵਿੱਚ ਤਾਪਮਾਨ ਆਮ ਨਾਲੋਂ 8 ਡਿਗਰੀ ਹੇਠਾ ਡਿੱਗ ਗਿਆ ਹੈ। ਜਦਕਿ ਮੌਸਮ ਵਿਗਿਆਨੀਆਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਧੁੰਦ ਪਵੇਗੀ ਅਤੇ ਠੰਢ ਵਧ ਜਾਵੇਗੀ।
ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੀ ਜੋ ਆਮ ਨਾਲੋਂ 8 ਡਿਗਰੀ ਘੱਟ ਸੀ ਜਦਕਿ ਘੱਟ ਤੋਂ ਘੱਟ ਤਾਪਮਾਨ 9.4 ਡਿਗਰੀ ਸੀ ਜੋ ਆਮ ਨਾਲੋਂ 4 ਡਿਗਰੀ ਵਧ ਸੀ।
ਦੂਜੇ ਪਾਸੇ ਠੰਢ ਵਧਣ ਕਰਕੇ ਹਸਪਤਾਲਾਂ ਵਿੱਚ ਖਾਂਸੀ, ਜੁਕਾਮ ਅਤੇ ਬਿਮਾਰ ਮਰੀਜ਼ਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਸੈਕਟਰ-16 ਹਸਪਤਾਲ ਦੀ ਓਪੀਡੀ ਵਿੱਚ ਮਰੀਜ਼ਾਂ ਦੀ ਗਿਣਤੀ ਆਮ ਨਾਲੋਂ ਵਧ ਗਈ ਹੈ।
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਠੰਢ ਵਧ ਸਕਦੀ ਹੈ। ਜਦਕਿ ਧੁੰਦ ਪੈਣ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਧ ਸਕਦੀਆਂ ਹਨ।