ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 16 ਅਪਰੈਲ
ਯੂਟੀ ਵਿੱਚ ਕੋਚਿੰਗ ਸੰਸਥਾਵਾਂ 30 ਅਪਰੈਲ ਤਕ ਬੰਦ ਕਰ ਦਿੱਤੀਆਂ ਗਈਆਂ ਹਨ। ਕੋਚਿੰਗ ਇੰਸਟੀਚਿਊਟ ਇਸ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਸਿਰਫ ਆਨਲਾਈਨ ਸਿੱਖਿਆ ਹੀ ਦੇ ਸਕਣਗੇ। ਦੂਜੇ ਪਾਸੇ ਪਬਲਿਕ ਲਾਇਬ੍ਰੇਰੀਆਂ 30 ਅਪਰੈਲ ਤੱਕ ਬੰਦ ਕਰ ਦਿੱਤੀ ਗਈਆਂ ਹਨ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨੇ ਆਪਣੀਆਂ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਹਨ। ਸਿੱਖਿਆ ਸਕੱਤਰ ਸਰਪ੍ਰੀਤ ਸਿੰਘ ਗਿੱਲ ਨੇ ਅੱਜ ਹੁਕਮ ਜਾਰੀ ਕਰ ਕੇ ਕੋਚਿੰਗ ਇੰਸਟੀਚਿਊਟਾਂ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਹਾਜ਼ਰੀ ਵੀ 50 ਫੀਸਦੀ ਕਰ ਦਿੱਤੀ ਗਈ ਹੈ ਤੇ ਅਧਿਆਪਕਾਂ ਨੂੰ ਇਕ ਦਿਨ ਛੱਡ ਕੇ ਸਕੂਲ ਆਉਣ ਲਈ ਕਿਹਾ ਗਿਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ 17 ਅਪਰੈਲ ਨੂੰ ਪ੍ਰਥਮ ਪ੍ਰੀਖਿਆ ਤੇ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੀ ਪ੍ਰੀਖਿਆ ਹੋਣੀ ਸੀ ਪਰ ਚੰਡੀਗੜ੍ਹ ਵਿੱਚ ਵੀਕਐਂਡ ਕਰਫਿਊ ਲਾ ਦਿੱਤਾ ਗਿਆ ਹੈ। ਇਸ ਕਰ ਕੇ ਇਹ ਪ੍ਰੀਖਿਆਵਾਂ 19 ਅਪਰੈਲ ਨੂੰ ਹੋਣਗੀਆਂ।
ਕੰਟੇਨਮੈਂਟ ਜ਼ੋਨ ਵਾਲੇ ਵਿਦਿਆਰਥੀਆਂ ਨੂੰ ਰਾਹਤ
ਵਿਭਾਗ ਨੇ ਹੁਕਮ ਜਾਰੀ ਕੀਤੇ ਹਨ ਕਿ ਜਿਹੜੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਰਹਿੰਦੀਆਂ ਸਨ ਜੇ ਉਹ ਕੰਟੇਨਮੈਂਟ ਜ਼ੋਨ, ਇਕਾਂਤਵਾਸ ਕੇਂਦਰ ਜਾਂ ਖੁਦ ਜਾਂ ਪਰਿਵਾਰ ਦਾ ਕੋਈ ਮੈਂਬਰ ਕਰੋਨਾ ਪਾਜ਼ੇਟਿਵ ਹੈ ਤੇ ਉਨ੍ਹਾਂ ਨੇ 17 ਜਾਂ 19 ਅਪਰੈਲ ਨੂੰ ਪ੍ਰੀਖਿਆ ਦੇਣੀ ਸੀ, ਉਨ੍ਹਾਂ ਦੀ ਪ੍ਰੀਖਿਆ ਹਾਲੇ ਨਹੀਂ ਲਈ ਜਾਵੇਗੀ। ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਵਿਦਿਆਰਥੀਆਂ ਦੀ ਪ੍ਰੀਖਿਆ ਬਾਅਦ ਵਿਚ ਆਫਲਾਈਨ ਲਈ ਜਾਵੇਗੀ ਤੇ ਇਸ ਸਬੰਧੀ ਫੈਸਲਾ ਅਗਲੇ ਹਫਤੇ ਹਾਲਾਤ ਦੀ ਸਮੀਖਿਆ ਤੋਂ ਬਾਅਦ ਕੀਤਾ ਜਾਵੇਗਾ।