ਸੰਜੀਵ ਬੱਬੀ
ਚਮਕੌਰ ਸਾਹਿਬ, 6 ਨਵੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਸਬਾ ਬੇਲਾ ਵਿੱਚ ਸਤਲੁਜ ਦਰਿਆ ’ਤੇ 114 ਕਰੋੜ ਰੁਪਏ ਦੀ ਲਾਗਤ ਵਾਲੇ ਬੇਲਾ-ਪਨਿਆਲੀ ਪੁਲ ਦਾ ਨੀਂਹ ਪੱਥਰ ਰੱਖਿਆ। ਸ੍ਰੀ ਚੰਨੀ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਲਈ ਨਿੱਜੀ ਤੌਰ ’ਤੇ ਮੁੱਖ ਮੰਤਰੀ ਬਣਨ ਨਾਲੋਂ ਵੱਡਾ ਦਿਨ ਹੈ, ਕਿਉਂਕਿ ਇਹ ਪੁਲ ਬਣਨ ਨਾਲ ਇਸ ਇਲਾਕੇ ਦੇ ਲੋਕਾਂ ਲਈ ਤਰੱਕੀ ਦੇ ਰਾਹ ਖੁੱਲ੍ਹਣਗੇ ਅਤੇ ਉਹ ਆਪਣਾ ਕਾਰੋਬਾਰ ਹੋਰ ਵਧਾ ਸਕਣਗੇ। ਸ੍ਰੀ ਚੰਨੀ ਨੇ ਕਿਹਾ ਕਿ ਪੁਲ ਦੇ ਨਿਰਮਾਣ ਅਤੇ ਬੇਲਾ ਤੋਂ ਦਰਿਆ ਪਾਰਲੇ ਪਿੰਡ ਪਨਿਆਲੀ ਤੱਕ ਨਵੀਂ ਲਿੰਕ ਸੜਕ ਦੀ ਉਸਾਰੀ ਨਾਲ ਦੁਆਬੇ ਤੋਂ ਚੰਡੀਗੜ੍ਹ ਦੀ ਦੂਰੀ 20 ਤੋਂ 25 ਕਿਲੋਮੀਟਰ ਘਟ ਜਾਵੇਗੀ।
ਉਨ੍ਹਾਂ ਕਿਹਾ ਕਿ ਦਰਿਆ ’ਤੇ ਬਣਨ ਵਾਲਾ ਇਹ ਪੁਲ 12 ਮੀਟਰ ਚੌੜਾ ਅਤੇ 1188 ਮੀਟਰ ਲੰਮਾ ਹੋਣ ਸਮੇਤ ਬਿਸਤ-ਦੁਆਬ ਨਹਿਰ ਉੱਤੇ 42 ਮੀਟਰ ਲੰਮਾ ਇੱਕ ਹੋਰ ਪੁਲ ਬਣੇਗਾ, ਜਿਸ ’ਤੇ 10 ਕਰੋੜ ਰੁਪਏ ਖਰਚਾ ਆਵੇਗਾ ਅਤੇ ਇਨ੍ਹਾਂ ਦੀ ਉਸਾਰੀ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੜਕ ਅਧੀਨ ਆਉਂਦੀ ਜ਼ਮੀਨ ਦੀ ਪ੍ਰਾਪਤੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬੇਲਾ-ਚਮਕੌਰ ਸਾਹਿਬ ਸੜਕ ’ਤੇ 500 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦੀ ਉਸਾਰੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ, ਜਿਸ ਦੀ ਪਹਿਲੀ ਇਮਾਰਤ ਦਾ ਕੰਮ 31 ਮਾਰਚ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਇਸ ਮੌਕੇ ਉਨ੍ਹਾਂ ਫ਼ਤਹਿਗੜ੍ਹ ਸਾਹਿਬ-ਬੇਲਾ ਸੜਕ ਦਾ ਨਾਮ ਮਾਤਾ ਗੁਜਰੀ ਦੇ ਨਾਂ ’ਤੇ ਰੱਖਣ ਦਾ ਐਲਾਨ ਵੀ ਕੀਤਾ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸ੍ਰੀ ਚਮਕੌਰ ਸਾਹਿਬ ਅਤੇ ਖਰੜ ਵਿੱਚ ਹਾਕੀ ਦੇ ਐਸਟਰੋਟਰਫ ਮੈਦਾਨ ਤਿਆਰ ਕਰਨ ਲਈ 10-10 ਕਰੋੜ ਰੁਪਏ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਹਲਕੇ ਵਿੱਚ 82 ਅਸਥਾਈ ਲਿੰਕ ਰਸਤਿਆਂ ਨੂੰ 90 ਕਰੋੜ ਰੁਪਏ ਦੀ ਲਾਗਤ ਨਾਲ 3 ਮਹੀਨੇ ਵਿੱਚ ਪੱਕਾ ਕੀਤਾ ਜਾਵੇਗਾ। ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ 114.81 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਇਹ ਗਰੀਨ ਫੀਲਡ ਪ੍ਰਾਜੈਕਟ ਹੈ ਤੇ ਇਹ ਨਵਾਂ ਲਿੰਕ ਰੂਟ 8.1 ਕਿਲੋਮੀਟਰ ਲੰਮਾ ਅਤੇ 7 ਮੀਟਰ ਚੌੜਾ ਮੈਟਲ ਰੋਡ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 23 ਕਲਵਰਟ, ਬੇਲਾ ਚੌਕ ਵਿੱਚ ਰੋਟਰੀ ਜੰਕਸ਼ਨ ਅਤੇ 2 ਬੱਸ ਸ਼ੈਲਟਰ ਬਣਨਗੇ ਜਦਕਿ ਪੁਲਾਂ ਦੀ ਲਾਗਤ 71 ਕਰੋੜ ਰੁਪਏ ਅਤੇ ਸੜਕ ਦੇ ਹਿੱਸੇ ਦੀ ਲਾਗਤ 25 ਕਰੋੜ ਰੁਪਏ ਹੋਵੇਗੀ।
ਇਸ ਮੌਕੇ ਵਿਧਾਇਕ ਦਰਸ਼ਨ ਲਾਲ ਮੰਗੂਪੁਰੀਆ, ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਚੇਅਰਮੈਨ ਕਰਨੈਲ ਸਿੰਘ, ਵਾਈਸ ਚੇਅਰਮੈਨ ਤਰਲੋਚਨ ਸਿੰਘ ਭੰਗੂ, ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਸੀਨੀਅਰ ਆਗੂ ਗਿਆਨ ਸਿੰਘ, ਸਰਪੰਚ ਲਖਵਿੰਦਰ ਸਿੰਘ ਭੂਰਾ, ਸਮਿਤੀ ਮੈਂਬਰ ਰੋਹਿਤ ਸੱਭਰਵਾਲ, ਜਸਵੀਰ ਸਿੰਘ ਜਟਾਣਾ, ਡਾ. ਬਲਵਿੰਦਰ ਸਿੰਘ, ਸਰਪੰਚ ਟਹਿਲ ਸਿੰਘ ਅਤੇ ਮੁਨਿਤ ਕੁਮਾਰ ਹਾਜ਼ਰ ਸਨ।