ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜਨਵਰੀ
ਸਿਟੀ ਬਿਊਟੀਫੁੱਲ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ ਪੈਣ ਕਰਕੇ ਚੰਡੀਗੜ੍ਹ ਵਿੱਚ ਵੀ ਠੰਢ ਵੱਧ ਗਈ ਹੈ। ਉੱਥੇ ਹੀ ਸਵੇਰ ਤੋਂ ਹੋਈ ਬੱਦਲਵਾਈ ਅਤੇ ਕਿਣ-ਮਿਣ ਕਾਰਨ ਮੌਸਮ ਖੁਸ਼ਗਵਾਰ ਹੋ ਗਿਆ ਹੈ। ਇਸ ਨਾਲ ਲੋਕਾਂ ਨੂੰ ਵੀ ਖੁਸ਼ਕ ਠੰਢ ਤੋਂ ਰਾਹਤ ਮਿਲੀ ਹੈ। ਅੱਜ ਸਵੇਰ ਤੋਂ ਹੋ ਰਹੀ ਕਿਣ-ਮੀਣ ਕਰਕੇ ਵੱਧ ਤੋਂ ਵੱਧ ਤਾਪਮਾਨ 3 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਵੀ ਘਰਾਂ ’ਚ ਰਹਿਣ ਲਈ ਮਜਬੂਰ ਹੋਣਾ ਪਿਆ। ਜਦੋਂ ਕਿ ਘੱਟੋ-ਘੱਟ ਤਾਪਮਾਨ ਆਮ ਦੇ ਬਰਾਬਰ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 3-4 ਦਿਨਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਸਾਰਾ ਬੱਦਲਵਾਈ ਰਹੀ। ਉੱਧਰ ਚੱਲ ਰਹੀਆਂ ਠੰਢੀਆਂ ਹਵਾਵਾਂ ਕਰਕੇ ਠੰਢ ਲਗਾਤਾਰ ਵਧਦੀ ਜਾ ਰਹੀ ਹੈ। ਅੱਜ ਵੱਧ ਤੋਂ ਵੱਧ ਤਾਪਮਾਨ 17.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੋ ਕਿ ਆਮ ਨਾਲੋਂ 3 ਡਿਗਰੀ ਸੈਲਸੀਅਸ ਘੱਟ ਸੀ। ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 11.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਲਗਾਤਾਰ ਠੰਢ ਵਧਣ ਦੇ ਨਾਲ-ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ। ਇੰਨਾ ਹੀ ਨਹੀਂ ਠੰਢ ਵੱਧਣ ਕਰਕੇ ਸ਼ਹਿਰ ਵਿੱਚ ਸੈਰ ਸਪਾਟੇ ਵਾਲੀਆਂ ਥਾਵਾਂ ’ਤੇ ਵੀ ਲੋਕਾਂ ਦੀ ਭੀੜ ਘੱਟਣੀ ਸ਼ੁਰੂ ਹੋ ਗਈ ਹੈ। ਉੱਧਰ ਗਰਮ ਕੱਪੜਿਆਂ ਦੀਆਂ ਦੁਕਾਨਾਂ ’ਤੇ ਲੋਕਾਂ ਦੀ ਭੀੜ ਲੱਗਣ ਦੀਆਂ ਖ਼ਬਰਾਂ ਹਨ।