ਪੱਤਰ ਪ੍ਰੇਰਕ
ਸ੍ਰੀ ਕੀਰਤਪੁਰ ਸਾਹਿਬ, 24 ਅਕਤੂਬਰ
ਬੀਤੀ ਰਾਤ ਪਿੰਡ ਨੱਕੀਆਂ ਮੁੱਖ ਮਾਰਗ ’ਤੇ ਸਥਿਤ ਇੱਕ ਹੋਲ ਸੈਲ ਗਾਰਮੈਂਟਸ ਦੀ ਦੁਕਾਨ ਤੋਂ ਲੱਖਾਂ ਰੁਪਏ ਦੇ ਰੈਡੀਮੇਡ ਕੱਪੜੇ ਚੋਰੀ ਹੋ ਗਏ। ਇਸ ਸਬੰਧੀ ਗੁਰੂ ਕਿਰਪਾ ਕਲੋਥਿੰਗ ਦੇ ਮਾਲਕ ਮਨਦੀਪ ਸਿੰਘ ਵਾਸੀ ਪਿੰਡ ਪਹਾੜਪੁਰ ਕਾਹੀਵਾਲ ਨੇ ਦੱਸਿਆ ਕਿ ਉਸ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਪਿੰਡ ਨੱਕੀਆਂ ਵਿਖੇ ਦੁਕਾਨ ਕਿਰਾਏ ਉਪਰ ਲੈ ਕੇ ਰੈਡੀਮੇਡ ਕੱਪੜਿਆਂ ਦਾ ਹੋਲ ਸੇਲ ਦਾ ਕੰਮ ਸ਼ੁਰੂ ਕੀਤਾ ਸੀ। ਬੀਤੀ ਸ਼ਾਮ ਉਹ ਕਰੀਬ 7 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ। ਅੱਜ ਸਵੇਰੇ ਕਰੀਬ ਪੰਜ ਵਜੇ ਦੁਕਾਨ ਦੇ ਬਾਹਰ ਚਾਹ ਦੀ ਰੇਹੜੀ ਲਗਾਉਣ ਵਾਲੇ ਬਿਹਾਰੀ ਨੇ ਫੋਨ ਕਰਕੇ ਚੋਰੀ ਬਾਰੇ ਦੱਸਿਆ। ਜਦੋਂਂ ਉਨ੍ਹਾਂ ਦੁਕਾਨ ਉਪਰ ਆ ਕੇ ਦੇਖਿਆ ਕਿ ਦੁਕਾਨ ਦਾ ਸ਼ਟਰ ਵਿਚਕਾਰੋਂ ਸੈਂਟਰ ਲਾਕ ਤੋੜ ਕੇ ਚੁੱਕ ਕੇ ਵਿੰਗਾ ਕੀਤਾ ਹੋਇਆ ਸੀ।
ਅਣਪਛਾਤੇ ਚੋਰ ਉਸ ਦੀ ਦੁਕਾਨ ਅੰਦਰ ਪਈਆਂ ਜੀਨ ਪੈਂਟ ਦੇ 700 ਪੀਸ, ਕੌਟਨ ਦੀ ਪੈਂਟ ਦੇ 400 ਪੀਸ, ਕਮੀਜ਼ ਤੇ ਟੀ ਸ਼ਰਟ ਦੇ 1000 ਪੀਸ, ਟਰੈਕ ਸੂਟ, ਲੋਅਰ ਆਦਿ ਸਮਾਨ ਦੇ 2000 ਪੀਸ, ਬਲੇਜ਼ਰ ਦੇ 80 ਪੀਸ, ਜੀਨਜ਼ ਦੀ ਜਾਕਟ 300 ਪੀਸ ਆਦਿ ਰੈਡੀਮੇਡ ਕੱਪੜੇ ਅਤੇ 1.70 ਲੱਖ ਰੁਪਏ ਦੇ ਨਵੇਂ ਸਮਾਨ ਦੇ ਬੰਡਲ ਜੋ ਕੱਲ੍ਹ ਹੀ ਆਏ ਸਨ, ਜਿਨ੍ਹਾਂ ਨੂੰ ਖੋਲਿਆ ਵੀ ਨਹੀਂ ਗਿਆ ਸੀ, ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਗੱਲੇ ਵਿਚ ਪਈ 40 ਹਜ਼ਾਰ ਰੁਪਏ ਦੇ ਕਰੀਬ ਨਗਦੀ ਅਤੇ ਬਿਲ, ਅਧਾਰ ਕਾਰਡ ਆਦਿ ਵੀ ਚੋਰੀ ਕਰ ਕੇ ਲੈ ਗਏ। ਉਸ ਨੇ ਦੱਸਿਆ ਕਿ ਉਸ ਦਾ ਕਰੀਬ 12.50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਚੋਰੀ ਦੀ ਘਟਨਾ ਬਾਰੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲੀਸ ਮੌਕਾ ਵੀ ਦੇਖ ਗਈ ਹੈ।
ਇਸ ਬਾਰੇ ਜਾਂਚ ਕਰ ਰਹੇ ਏ.ਐਸ.ਆਈ ਬਲਵੀਰ ਚੰਦ ਨੇ ਦੱਸਿਆ ਕਿ ਪੁਲੀਸ ਨੇ ਮੌਕਾ ਦੇਖ ਲਿਆ ਹੈ। ਦੁਕਾਨ ਮਾਲਕ ਵੱਲੋਂ ਕੋਈ ਸੀਸੀਟੀਵੀ ਕੈਮਰਾ ਨਹੀਂ ਲਗਾਇਆ ਗਿਆ, ਨਾ ਹੀ ਕੋਈ ਅੱਡੇ ਵਿਚ ਚੌਕੀਦਾਰ ਰੱਖਿਆ ਹੋਇਆ ਹੈ। ਪੁਲੀਸ ਨੇ ਦੁਕਾਨ ਮਾਲਕ ਤੋਂ ਚੋਰੀ ਹੋਏ ਕਪੜਿਆਂ ਦਾ ਵੇਰਵਾ ਤੇ ਬਿੱਲ ਮੰਗੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਕਿੰਨੇ ਦੀ ਚੋਰੀ ਹੋਈ ਹੈ।
ਪਿੰਡ ਨੱਕੀਆਂ ਵਿੱਚ ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦਾ ਹੋਇਆ ਦੁਕਾਨਦਾਰ।