ਆਤਿਸ਼ ਗੁਪਤਾ
ਚੰਡੀਗੜ੍ਹ, 16 ਮਈ
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮਈ ਮਹੀਨੇ ਦੇ ਅੱਧ ਵਿੱਚ ਪੈ ਰਹੀ ਅਤਿ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਟ੍ਰਾਈਸਿਟੀ ਵਿੱਚ ਚੱਲ ਰਹੀ ਲੂ ਕਾਰਨ ਲੋਕ ਵੀ ਘਰਾਂ ਵਿੱਚ ਸਿਮਟ ਕੇ ਰਹਿ ਗਏ ਹਨ। ਦੋ ਮਹੀਨਿਆਂ ਤੋਂ ਲਗਾਤਾਰ ਵਧਦੀ ਜਾ ਰਹੀ ਗਰਮੀ ਨੂੰ ਵੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਦੁਪਹਿਰ ਸਮੇਂ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ, ਉੱਥੇ ਹੀ ਸੋਮਵਾਰ ਸ਼ਾਮ ਨੂੰ ਮੌਸਮ ਵਿੱਚ ਆਏ ਮਾਮੂਲੀ ਬਦਲਾਅ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਵੱਲੋਂ ਪੱਛਮੀ ਗੜਬੜੀ ਕਾਰਨ ਸ਼ਹਿਰ ਵਿੱਚ ਅਗਲੇ 24 ਘੰਟੇ ਵੀ ਰਾਹਤ ਦੀ ਉਮੀਦ ਦੱਸੀ ਜਾ ਰਹੀ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਸਿਟੀ ਬਿਊਟੀਫੁੱਲ ਦਾ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 3 ਡਿਗਰੀ ਸੈਲਸੀਅਸ ਵੱਧ ਹੈ। ਸ਼ਹਿਰ ਦਾ ਘੱਟ ਤੋਂ ਘੱਟ ਤਾਪਮਾਨ ਵੀ 31.4 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ, ਜੋ ਆਮ ਨਾਲੋਂ 9 ਡਿਗਰੀ ਸੈਲਸੀਅਸ ਵੱਧ ਹੈ। ਮੁਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 41.4 ਡਿਗਰੀ ਸੈਲਸੀਅਸ ਅਤੇ ਪੰਚਕੂਲਾ ਵਿੱਚ 39.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਟ੍ਰਾਈਸਿਟੀ ਵਿੱਚ ਅਤਿ ਦੀ ਗਰਮੀ ਅਤੇ ਲੂ ਚੱਲਣ ਕਰਕੇ ਸੈਲਾਨੀ ਵੀ ਘੱਟ ਗਿਣਤੀ ਵਿੱਚ ਪਹੁੰਚ ਰਹੇ ਹਨ। ਸਵੇਰ ਅਤੇ ਸ਼ਾਮ ਵੇਲੇ ਗਰਮੀ ਤੋਂ ਹਲਕੀ ਰਾਹਤ ਮਿਲਣ ਕਰਕੇ ਸੁਖਨਾ ਝੀਲ, ਰੌਕ ਗਾਰਡਨ, ਬਰਡ ਪਾਰਕ, ਰੋਜ਼ ਗਾਰਡਨ ਸਣੇ ਹੋਰਨਾਂ ਘੁੰਮਣ ਫਿਰਨ ਵਾਲੀਆਂ ਥਾਵਾਂ ’ਤੇ ਲੋਕਾਂ ਦੀ ਰੌਣਕ ਲੱਗ ਰਹੀ ਹੈ। ਗਰਮੀ ਕਰਕੇ ਸ਼ਹਿਰ ਦੀਆਂ ਸੜਕਾਂ ’ਤੇ ਸੰਨਾਟਾ ਪਸਰਿਆ ਹੋਇਆ ਹੈ, ਸ਼ਹਿਰ ਵਿਚਲੇ ਪਾਰਕਾਂ ਵਿੱਚ ਵੀ ਬੱਚੇ ਖੇਡਣ ਤੋਂ ਗੁਰੇਜ਼ ਕਰ ਰਹੇ ਹਨ। ਇਸੇ ਦੌਰਾਨ ਸ਼ਹਿਰ ਵਿਚਲੇ ਸਵੀਮਿੰਗ ਪੂਲਾਂ ’ਤੇ ਵੱਡੀ ਗਿਣਤੀ ਵਿੱਚ ਨੌਜਵਾਨ ਨਹਾ ਕੇ ਗਰਮੀ ਤੋਂ ਰਾਹਤ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਮੌਸਮ ਵਿਭਾਗ ਅਨੁਸਾਰ ਸ਼ਹਿਰ ਵਿੱਚ 17 ਮਈ ਨੂੰ ਹਲਕੇ ਮੀਂਹ ਦੀ ਆਸ ਜਤਾਈ ਜਾ ਰਹੀ ਹੈ, ਜਿਸ ਕਰਕੇ ਤਾਪਮਾਨ ਡਿੱਗ ਸਕਦਾ ਹੈ।
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਲਈ ਐਡਵਾਈਜ਼ਰੀ ਜਾਰੀ
ਚੰਡੀਗੜ੍ਹ (ਪੱਤਰ ਪ੍ਰੇਰਕ): ਉੱਤਰੀ ਭਾਰਤ ਵਿੱਚ ਵਧ ਰਹੀ ਗਰਮੀ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸ਼ਰਾਬ, ਚਾਹ ਅਤੇ ਕਾਫ਼ੀ ਦੀ ਵਰਤੋਂ ਘੱਟ ਕਰਦਿਆਂ ਨਿੰਬੂ ਪਾਣੀ, ਓਆਰਐਸ ਤੇ ਹੋਰ ਤਰਲ ਪਦਾਰਥਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਜਾਨਵਰਾਂ ਨੂੰ ਛਾਂ ਵਿੱਚ ਬੰਨਣ ਲਈ ਕਿਹਾ ਗਿਆ ਹੈ।