ਮੁਕੇਸ਼ ਕੁਮਾਰ
ਚੰਡੀਗੜ੍ਹ, 29 ਅਗਸਤ
ਚੰਡੀਗੜ੍ਹ ਸ਼ਹਿਰ ਵਿੱਚ ਸਫ਼ਾਈ ਕਰਮਚਾਰੀ ਵੀ ਕਿਸੀ ਵੀ ਤਰ੍ਹਾਂ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਵਿੱਚ ਆਪਣਾ ਯੋਗਦਾਨ ਪਾ ਸਕਣਗੇ। ਚੰਡੀਗੜ੍ਹ ਫਾਇਰ ਬ੍ਰਿਗੇਡ ਵੱਲੋਂ ਨਗਰ ਨਿਗਮ ਅਧੀਨ ਕੰਮ ਕਰਦੇ ਲਗਪਗ ਚਾਰ ਹਜ਼ਾਰ ਕਰਮਚਾਰੀਆਂ ਨੂੰ ਸਿਖਲਾਈ ਦੇਵੇਗਾ। ’ਕਪੈਸਟੀ ਬਿਲਡਿੰਗ’ ਯੋਜਨਾਂ ਅਧੀਨ ਆਫ਼ਤ ਪ੍ਰਬੰਧਨ ਅਤੇ ਮਹਾਮਾਰੀ ਨਾਲ ਨਜਿੱਠਣ ਲਈ ਤਿਆਰ ਕੀਤੇ ਗਏ ਪ੍ਰੋਗਰਾਮ ਤਹਿਤ ਦਿੱਤੀ ਜਾਵੇਗੀ। ਅੱਜ ਸੋਮਵਾਰ ਨੂੰ ਸੈਕਟਰ 17 ਦੇ ਫਾਇਰ ਵਿਭਾਗ ਦੇ ਦਫਤਰ ਵਿਖੇ ਇਸ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ। ਚੰਡੀਗੜ੍ਹ ਨਗਰ ਨਿਗਮ ਨੇ ਚੰਡੀਗੜ੍ਹ ਵਿੱਚ ਅੱਗ ਅਤੇ ਬਚਾਅ ਸੇਵਾਵਾਂ ਨੂੰ ਮਜ਼ਬੂਤ ਅਤੇ ਆਧੁਨਿਕ ਬਣਾਉਣ ਲਈ ਇਹ ਵੱਡੀ ਪਹਿਲ ਕੀਤੀ ਹੈ। ਇਸ ਸਿਖਲਾਈ ਰਾਹੀਂ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਮਹਾਂਮਾਰੀ ਜਾਂ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਨਿਗਮ ਦਾ ਕਰਮਚਾਰੀ ਉਸ ਸੂਚਨਾ ਨੂੰ ਅੱਗੇ ਭੇਜ ਸਕੇਗਾ ਅਤੇ ਇਸ ਨਾਲ ਨਜਿੱਠਣ ਵਿੱਚ ਆਪਣਾ ਸਹਿਯੋਗ ਦੇ ਸਕੇਗਾ। ਇਸ ਪ੍ਰੋਗਰਾਮ ਦੇ ਅੱਜ ਉਦਘਾਟਨ ਦੇ ਮੌਕੇ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿਤਰਾ ਨੇ ਦੱਸਿਆ ਕਿ ਸ਼ਹਿਰ ਵਿੱਚ ਸਫਾਈ ਕਰਮਚਾਰੀ ਸ਼ਹਿਰ ਦੇ ਲਗਪਗ ਹਰ ਹਿੱਸੇ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਉਹ ਕਿਸੇ ਵੀ ਐਮਰਜੈਂਸੀ ਅਤੇ ਮਹਾਂਮਾਰੀ ਅਤੇ ਹੋਰ ਬਿਮਾਰੀਆਂ ਆਦਿ ਬਾਰੇ ਸੂਚਨਾ ਮਿਲਣ ’ਤੇ ਤੁਰੰਤ ਸਹਾਇਤਾ ਪ੍ਰਦਾਨ ਕਰ ਸਕਦਾ ਹੈ। ਨਿਗਮ ਵਲੋਂ ਇਹ ਸਿਖਲਾਈ ਸਫ਼ਾਈ ਕਰਮਚਾਰੀਆਂ ਨੂੰ ਨਗਰ ਨਿਗਮ ਦੇ ਫਰੰਟ ਲਾਈਨ ਵਰਕਰਾਂ ਵਜੋਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੋਸ਼ਲ ਗਰੁੱਪਾਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਸੈਲਫ ਹੈਲਪ ਗਰੁੱਪਾਂ ਅਤੇ ਵਾਲੰਟੀਅਰਾਂ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ।