ਕੁਲਦੀਪ ਸਿੰਘ
ਚੰਡੀਗੜ੍ਹ, 4 ਅਪਰੈਲ
ਪੰਜਾਬ ਯੂਨੀਵਰਸਿਟੀ ਦੇ ਹੋਸਟਲ ਅਲਾਟਮੈਂਟ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਲਈ ਆਨਲਾਈਨ ਪੋਰਟਲ ਚਾਲੂ ਕਰਵਾਉਣ ਅਤੇ ਮੈੱਸਾਂ ਵਿੱਚ ਖਾਣਿਆਂ ਦੇ ਰੇਟਾਂ ਦਾ ਵਾਧਾ ਵਾਪਸ ਕਰਵਾਉਣ ਦੀ ਮੰਗ ਸਬੰਧੀ ਅੱਜ 10 ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਵਿਦਿਆਰਥੀ ਕੇਂਦਰ ਵਿੱਚ ਰੋਸ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਠੇਕੇਦਾਰ ਪੱਖੀ ਪੀ.ਯੂ. ਅਥਾਰਟੀ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ਵਿਦਿਆਰਥੀ, ਡੀਨ (ਸਟੂਡੈਂਟਸ ਵੈਲਫੇਅਰ) ਦੇ ਦਫ਼ਤਰ ਵੱਲ ਵਧੇ। ਮੌਕੇ ਉੱਤੇ ਤਾਇਨਾਤ ਚੰਡੀਗੜ੍ਹ ਪੁਲੀਸ ਨੇ ਵਿਦਿਆਰਥੀਆਂ ਨਾਲ ਧੱਕਾ-ਮੁੱਕੀ ਕੀਤੀ ਅਤੇ ਉਨ੍ਹਾਂ ਨੂੰ ਡੀਨ ਦੇ ਦਫ਼ਤਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਵਿਦਿਆਰਥੀਆਂ ਦੇ ਵਿਰੋਧ ਨੂੰ ਦੇਖਦਿਆਂ ਡੀਨ ਨੂੰ ਹੇਠਾਂ ਆ ਕੇ ਵਿਦਿਆਰਥੀਆਂ ਨਾਲ ਗੱਲ ਕਰਨ ਲਈ ਮਜਬੂਰ ਹੋਣਾ ਪਿਆ। ਵਿਦਿਆਰਥੀਆਂ ਦੇ ਮੁੱਦਿਆਂ ਨੂੰ ਸਿੱਧੇ ਤੌਰ ’ਤੇ ਸੁਣਨ ਤੋਂ ਬਾਅਦ ਵੀ ਉਹ ਮੰਗਾਂ ਮੰਨਣ ਲਈ ਸਹਿਮਤ ਨਹੀਂ ਹੋਏ ਪ੍ਰੰਤੂ ਫਿਰ ਵੀ ਵਿਦਿਆਰਥੀਆਂ ਨੇ ਹਾਰ ਨਹੀਂ ਮੰਨੀ ਅਤੇ ਦਫ਼ਤਰ ਅੱਗੇ ਇਕੱਠੇ ਹੋ ਕੇ ਜਾਮ ਲਗਾ ਦਿੱਤਾ। ਫਿਰ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਸੰਗਠਨਾਂ ਨਾਲ ਮੀਟਿੰਗ ਬੁਲਾਈ ਪ੍ਰੰਤੂ ਉਹ ਮੀਟਿੰਗ ਵੀ ਕਿਸੇ ਨਤੀਜੇ ’ਤੇ ਨਹੀਂ ਪਹੁੰਚੀ।
ਵਿਦਿਆਰਥੀਆਂ ਨੇ ਧਰਨੇ ਵਾਲੀ ਥਾਂ ’ਤੇ ਹੀ ਬੈਠ ਕੇ ਦੁਪਹਿਰ ਦਾ ਖਾਣਾ ਖਾਧਾ ਜਿਸ ਦੌਰਾਨ ਫਿਰ ਅਧਿਕਾਰੀਆਂ ਵੱਲੋਂ ਦੁਬਾਰਾ ਮੀਟਿੰਗ ਸੱਦੀ ਗਈ ਅਤੇ ਅਧਿਕਾਰੀਆਂ ਨੇ ਲੜਕਿਆਂ ਦੇ ਹੋਸਟਲ ਮੈੱਸ ਡਾਈਟ ਅਤੇ ਲੜਕੀਆਂ ਦੇ ਹੋਸਟਲ ਮੈੱਸ ਡਾਈਟ ਦਾ ਰੇਟ ਲੜਕਿਆਂ ਦੇ ਖਾਣੇ ਦਾ ਰੇਟ 43.50 ਰੁਪਏ ਤੋਂ ਘਟਾ ਕੇ 40 ਰੁਪਏ ਅਤੇ ਲੜਕੀਆਂ ਦੇ ਖਾਣੇ ਦਾ ਰੇਟ ਘਟਾ ਕੇ 42 ਰੁਪਏ ਤੋਂ ਘਟਾ ਕੇ 38.5 ਰੁਪਏ (30 ਡਾਈਟਾਂ ਲਾਜ਼ਮੀ) ਕਰਨ ਦਾ ਪ੍ਰਸਤਾਵ ਦਿੱਤਾ ਪ੍ਰੰਤੂ ਪ੍ਰਦਰਸ਼ਨਕਾਰੀਆਂ ਨੇ ਅਧਿਕਾਰੀਆਂ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ।
ਰੋਸ ਪ੍ਰਦਰਸ਼ਨ ਦੀ ਸ਼ੁਰੂਆਤ ਵਿੱਚ ਵਿਦਿਆਰਥੀ ਕਾਰਕੁਨਾਂ ਵੱਲੋਂ ਗੀਤ ਵੀ ਗਾਏ ਗਏ ਅਤੇ ਪ੍ਰਦਰਸ਼ਨ ਨੂੰ ਐੱਸ.ਐੱਫ.ਐੱਸ. ਤੋਂ ਸੁਖਮਨ, ਸੱਥ ਤੋਂ ਹਰਮਨ, ਪੀ.ਐੱਸ.ਯੂ. (ਲਲਕਾਰ) ਤੋਂ ਅਮਨ, ਐੱਸ.ਓ.ਆਈ. ਤੋਂ ਮਨਜੋਧ, ਏ.ਐੱਸ.ਏ. ਤੋਂ ਗੁਰਦੀਪ ਅਤੇ ਪੀ.ਐਫ.ਯੂ.ਐੱਸ. ਤੋਂ ਹਰਪੁਨੀਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੀ.ਯੂ. ਅਥਾਰਟੀ ਠੇਕੇਦਾਰਾਂ ਦੇ ਹਿੱਤ ਵਿੱਚ ਖੜ੍ਹੀ ਹੈ। ਇਹ ਕੋਈ ਪ੍ਰਾਈਵੇਟ ਯੂਨੀਵਰਸਿਟੀ ਨਹੀਂ ਬਲਕਿ ਪਬਲਿਕ ਯੂਨੀਵਰਸਿਟੀ ਹੈ, ਇੱਥੇ ਖਾਣਾ, ਰਿਹਾਇਸ਼ ਅਤੇ ਸਿੱਖਿਆ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ। ਐੱਸ.ਐੱਫ.ਐੱਸ. ਦੇ ਪ੍ਰਧਾਨ ਸੰਦੀਪ ਨੇ ਕਿਹਾ ਕਿ ਵੀ.ਸੀ. ਦਫ਼ਤਰ ਅੱਗੇ ਪੱਕਾ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੀ.ਯੂ. ਅਧਿਕਾਰੀ ਉਨ੍ਹਾਂ ਮੁਤਾਬਕ ਮੰਗਾਂ ਨਹੀਂ ਮੰਨਦੇ। ਪ੍ਰਦਰਸ਼ਨ ਕਰਨ ਵਾਲੀਆਂ ਜਥੇਬੰਦੀਆਂ ਵਿੱਚ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ (ਏ.ਐਸ.ਏ.), ਐੱਨ.ਐੱਸ.ਯੂ.ਆਈ., ਪੀ.ਐੱਫ.ਯੂ.ਐੱਸ., ਪੀ.ਐੱਸ.ਯੂ. (ਲਲਕਾਰ), ਸੱਥ, ਐੱਸ.ਐੱਫ.ਐੱਸ., ਐੱਸ.ਓ.ਆਈ., ਪੁਸੂ, ਆਈ.ਐਸ.ਏ. ਅਤੇ ਸੋਪੂ ਨੇ ਸ਼ਮੂਲੀਅਤ ਕੀਤੀ। ਉਕਤ ਦੋਵੇਂ ਮੰਗਾਂ ਸਬੰਧੀ ਵਾਈਸ ਚਾਂਸਲਰ ਦਫ਼ਤਰ ਅੱਗੇ ਦਿਨ-ਰਾਤ ਦਾ ਧਰਨਾ ਵੀ ਚੱਲ ਰਿਹਾ ਹੈ।