ਕੁਲਦੀਪ ਸਿੰਘ
ਚੰਡੀਗੜ੍ਹ, 31 ਅਗਸਤ
ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਸੈਂਟਰ ਵਿਖੇ ਧਰਨੇ ’ਤੇ ਬੈਠੇ ਕਾਂਗਰਸ ਪਾਰਟੀ ਦੇ ਵਿਦਿਆਰਥੀ ਜਥੇਬੰਦੀ ਐਨ.ਐਸ.ਯੂ.ਆਈ. ਅਤੇ ਵਿਦਿਆਰਥੀ ਕੌਂਸਲ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਕਰ ਰਹੇ ਭਾਜਪਾ ਦੇ ਵਿਦਿਆਰਥੀ ਵਿੰਗ ਏ.ਬੀ.ਵੀ.ਪੀ. ਦੇ ਆਗੂਆਂ ਵਿੱਚ ਅੱਜ ਤਿੱਖੀ ਝੜਪ ਹੋ ਗਈ। ਮਾਮਲਾ ਕਾਫ਼ੀ ਵਧ ਜਾਣ ਕਰਕੇ ਪੁਲੀਸ ਵੀ ਮੌਕੇ ’ਤੇ ਪਹੁੰਚੀ ਜਿਸ ਦੌਰਾਨ ਪੁਲੀਸ ਨੇ ਦੋਵੇਂ ਪਾਰਟੀਆਂ ਦੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਵੱਲੋਂ ਐਨ.ਐਸ.ਯੂ.ਆਈ. ਦੇ ਕਾਰਕੁਨਾਂ ਦੀ ਕਾਫ਼ੀ ਖਿੱਚ-ਧੂਹ ਕੀਤੀ ਗਈ ਅਤੇ ਥਾਣੇ ਪਹੁੰਚਾਇਆ ਗਿਆ। ਬਾਅਦ ਵਿੱਚ ਭਾਵੇਂ ਏ.ਬੀ.ਵੀ.ਪੀ. ਦੇ ਕਾਰਕੁਨਾਂ ਨੂੰ ਛੱਡ ਦਿੱਤਾ ਗਿਆ ਪ੍ਰੰਤੂ ਐਨ.ਐਸ.ਯੂ.ਆਈ. ਦੇ ਆਗੂ ਦੇਰ ਸ਼ਾਮ ਤੱਕ ਪੁਲੀਸ ਹਿਰਾਸਤ ਵਿੱਚ ਹੀ ਸਨ।
ਪ੍ਰਾਪਤ ਜਾਣਕਾਰੀ ਮੁਤਾਬਕ ਐਨ.ਐਸ.ਯੂ.ਆਈ. ਵੱਲੋਂ ਸਟੂਡੈਂਟਸ ਸੈਂਟਰ ’ਤੇ ਧਰਨਾ ਦਿੱਤਾ ਜਾ ਰਿਹਾ ਸੀ ਜਦਕਿ ਏਬੀਵੀਪੀ ਵਾਲੇ ਚੋਣ ਪ੍ਰਚਾਰ ਕਰਦੇ-ਕਰਦੇ ਆਪਣੀ ਪਾਰਟੀ ਦੇ ਨਾਅਰੇ ਲਗਾ ਰਹੇ ਸਨ। ਇਸੇ ਦੌਰਾਨ ਦੋਵੇਂ ਧਿਰਾਂ ਵਿੱਚ ਝੜਪ ਹੋ ਗਈ ਅਤੇ ਮਾਮਲਾ ਪੁਲੀਸ ਤੱਕ ਪਹੁੰਚ ਗਿਆ।
ਐਨਐਸਯੂਆਈ ਦੇ ਆਗੂ ਸਚਿਨ ਗਾਲਵ ਨੇ ਕਿਹਾ ਕਿ ਗਰਲਜ਼ ਹੋਸਟਲ ਵਿੱਚ ਵਿਦਿਆਰਥੀਆਂ ਨਾਲ ਹੋ ਰਹੀਆਂ ਵਧੀਕੀਆਂ ਖਿਲਾਫ਼ ਹੋਸਟਲ ਦੀ ਵਾਰਡਨ ਤਮੰਨਾ ਸਹਿਰਾਵਤ ਦੇ ਵਿਰੋਧ ਵਿੱਚ ਉਹ ਧਰਨੇ ’ਤੇ ਬੈਠੇ ਹੋਏ ਸਨ। ਅਥਾਰਿਟੀ ਨੇ ਉਨ੍ਹਾਂ ਦੇ ਧਰਨੇ ਨੂੰ ਖੁਰਦ ਬੁਰਦ ਕਰਨ ਲਈ ਭਾਜਪਾ ਦੇ ਵਿਦਿਆਰਥੀ ਵਿੰਗ ਏ.ਬੀ.ਵੀ.ਪੀ. ਨੂੰ ਮੋਹਰੇ ਵਜੋਂ ਵਰਤਿਆ ਅਤੇ ਭੜਕਾਊ ਨਾਅਰੇ ਲਗਵਾਏ ਗਏ ਤਾਂ ਕਿ ਡਰਾਮੇਬਾਜ਼ੀ ਕਰਕੇ ਪੁਲੀਸ ਦੇ ਦਖ਼ਲ ਨਾਲ ਧਰਨਾ ਖ਼ਤਮ ਕਰਵਾਇਆ ਜਾ ਸਕੇ। ਉਨ੍ਹਾਂ ਪੀ.ਯੂ. ਕੈਂਪਸ ਵਿੱਚ ਪੁਲੀਸ ਦੇ ਦਖ਼ਲ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਵਾਈਸ ਚਾਂਸਲਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ਼ ਆਪਣਾ ਸੰਘਰਸ਼ ਜਾਰੀ ਰੱਖਣਗੇ। ਦੂਜੇ ਪਾਸੇ ਏ.ਬੀ.ਵੀ.ਪੀ. ਦੀ ਪੀਯੂ ਇਕਾਈ ਦੇ ਪ੍ਰਧਾਨ ਅਮਿਤ ਪੁਨੀਆ ਅਤੇ ਇਕਾਈ ਮੰਤਰੀ ਸ਼ੌਰਯਾ ਮਹਿਰਾ ਨੇ ਕਿਹਾ ਕਿ ਏ.ਬੀ.ਵੀ.ਪੀ. ਵੱਲੋਂ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਦਸਤਖ਼ਤ ਮੁਹਿੰਮ ਚਲਾਈ ਗਈ ਹੈ ਜਿਸ ਨੂੰ ਦੇਖ ਕੇ ਐਨ.ਐਸ.ਯੂ.ਆਈ. ਬੁਖਲਾਹਟ ਵਿੱਚ ਆ ਗਈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਉਹ ਆਪਣੀ ਮੁਹਿੰਮ ਤਹਿਤ ਕੰਮ ਕਰ ਰਹੇ ਸਨ ਤਾਂ ਐਨ.ਐਸ.ਯੂ.ਆਈ. ਦੇ ਕਾਰਕੁਨਾਂ ਵੱਲੋਂ ਜਥੇਬੰਦੀ ਦੀ ਮਹਿਲਾ ਕਾਰਕੁਨ ਨਾਲ ਦੁਰਵਿਹਾਰ ਕੀਤਾ ਗਿਆ।