ਕਰਮਜੀਤ ਸਿੰਘ ਚਿੱਲਾ
ਬਨੂੜ, 11 ਅਕਤੂਬਰ
ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਤੋਂ 72 ਘੰਟਿਆਂ ਦੇ ਅੰਦਰ-ਅੰਦਰ ਅਦਾਇਗੀ ਕਰਨ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। ਝੋਨੇ ਦੀ ਖਰੀਦ ਆਰੰਭ ਹੋਈ ਨੂੰ ਪੰਦਰਾਂ ਦਿਨ ਬੀਤਣ ਦੇ ਬਾਵਜੂਦ ਕਿਸੇ ਵੀ ਕਿਸਾਨ ਨੂੰ ਹਾਲੇ ਤੱਕ ਫੁੱਟੀ ਕੌਡੀ ਹਾਸਲ ਨਹੀਂ ਹੋਈ। ਝੋਨੇ ਦੀ ਰਕਮ ਨਾ ਮਿਲਣ ਕਾਰਨ ਕਿਸਾਨਾਂ ਨੂੰ ਕਣਕ ਲਈ ਬੀਜ, ਖਾਦਾਂ, ਝੋਨੇ ਦੀ ਲੇਬਰ ਦੀ ਕਟਾਈ ਦੇਣ ਲਈ ਦਿੱਕਤ ਆ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆੜ੍ਹਤੀਆਂ ਕੋਲ ਰੋਜ਼ਾਨਾ ਚੱਕਰ ਮਾਰਦੇ ਹਨ ਪਰ ਉਨ੍ਹਾਂ ਨੂੰ ਆੜ੍ਹਤੀ ਅਦਾਇਗੀ ਨਾ ਆਉਣ ਦੀ ਗੱਲ ਕਹਿ ਕੇ ਵਾਪਸ ਮੋੜ ਦਿੰਦੇ ਹਨ। ਬਨੂੜ ਮੰਡੀ ਦੇ ਆੜ੍ਹਤੀਆਂ ਨੇ ਕਿਸੇ ਵੀ ਖਰੀਦ ਏਜੰਸੀ ਦੀ ਹਾਲੇ ਤੱਕ ਅਦਾਇਗੀ ਨਾ ਹੋਣ ਦੀ ਪੁਸ਼ਟੀ ਕੀਤੀ ਹੈ।
ਇਸੇ ਤਰ੍ਹਾਂ ਬਨੂੜ ਦੀ ਮੰਡੀ ਵਿੱਚ ਝੋਨੇ ਦੀ ਖਰੀਦ ਦੀ ਸੁਸਤ ਰਫ਼ਤਾਰੀ ਤੋਂ ਅੰਨਦਾਤਾ ਪ੍ਰੇਸ਼ਾਨ ਹੈ। ਕਲੌਲੀ ਦੇ ਪ੍ਰੀਤਮ ਸਿੰਘ, ਹੁਲਕਾ ਦੇ ਕੇਸਰ ਸਿੰਘ, ਵਜ਼ੀਰ ਸਿੰਘ, ਸਰਦਾਰਾ ਸਿੰਘ ਸਮੇਤ ਕਈਂ ਕਿਸਾਨਾਂ ਨੇ ਦੱਸਿਆ ਕਿ ਨਮੀ ਅਤੇ ਬਦਰੰਗ ਦਾਣੇ ਦੇ ਨਾਮ ਉੱਤੇ ਉਨ੍ਹਾਂ ਨੂੰ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀ ਨਾਲ ਸ਼ੈਲਰ ਘੱਟ ਜੁੜੇ ਹੋਣ ਕਾਰਨ ਅਜਿਹੀ ਸਮੱਸਿਆ ਆ ਰਹੀ ਹੈ ਤੇ ਕਿਸਾਨਾਂ ਨੂੰ ਦੋ-ਦੋ ਦਿਨ ਮੰਡੀਆਂ ਵਿੱਚ ਬੈਠਣਾ ਪੈ ਰਿਹਾ ਹੈ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਮੰਡੀ ਵਿੱਚ ਝੋਨੇ ਦੀ ਖਰੀਦ ਤੇਜ਼ ਕਰਨ ਲਈ ਹੋਰ ਸ਼ੈਲਰ ਜੋੜੇ ਜਾਣ। ਮੰਡੀ ਵਿੱਚ ਦਸ ਹਜ਼ਾਰ ਕੁਇੰਟਲ ਦੇ ਕਰੀਬ ਝੋਨਾ ਵਿਕਰੀ ਦੀ ਉਡੀਕ ਵਿੱਚ ਪਿਆ ਹੈ।
ਮਾਣਕਪੁਰ, ਖੇੜਾ ਗੱਜੂ, ਜਲਾਲਪੁਰ, ਖੇੜੀ ਗੁਰਨਾ ਆਦਿ ਮੰਡੀਆਂ ਵਿੱਚ ਪੀਆਰ 126 ਕਿਸਮ ਦੇ ਝੋਨੇ ਉੱਤੇ ਕਿਸਾਨਾਂ ਕੋਲੋਂ ਪੰਜਾਹ ਰੁਪਏ ਦੇ ਹਿਸਾਬ ਕੱਟ ਵਸੂਲਿਆ ਜਾ ਰਿਹਾ ਹੈ। ਇਨ੍ਹਾਂ ਮੰਡੀਆਂ ਵਿੱਚ ਨਮੀ ਮਾਪਣ ਵਾਲਾ ਮੀਟਰ ਵੀ ਮਾਰਕੀਟ ਕਮੇਟੀ ਦੀ ਥਾਂ ਖਰੀਦ ਏਜੰਸੀਆਂ ਅਤੇ ਸ਼ੈਲਰਾਂ ਵਾਲਿਆਂ ਦਾ ਵਰਤਿਆ ਜਾ ਰਿਹਾ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਉਕਤ ਮੀਟਰ ਨਮੀ ਦੀ ਮਾਤਰਾ ਵੱਧ ਦੱਸਦੇ ਹਨ। ਮਾਰਕੀਟ ਕਮੇਟੀ ਬਨੂੜ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਮੁੱਚੀਆਂ ਮੰਡੀਆਂ ਵਿੱਚ ਮਾਰਕੀਟ ਕਮੇਟੀ ਵਾਲੇ ਨਮੀ ਮਾਪਣ ਵਾਲੇ ਮੀਟਰ ਵਰਤਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।
ਵੱਧ ਤੋਲਣ ਤੇ ਹੋਰ ਬੇਨਿਯਮੀਆਂ ਖ਼ਿਲਾਫ਼ ਤਿੰਨ ਆੜ੍ਹਤੀਆਂ ਨੂੰ ਜ਼ੁਰਮਾਨਾ
ਮਾਰਕੀਟ ਕਮੇਟੀ ਬਨੂੜ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 1,89,170 ਕੁਵਿੰਟਲ ਝੋਨੇ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚੋਂ 1,14,960 ਕੁਇੰਟਲ ਝੋਨੇ ਦੀ ਲਿਫ਼ਟਿੰਗ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬਨੂੜ ਦੇ ਦੋ ਆੜ੍ਹਤੀਆਂ ਨੂੰ ਵੱਧ ਝੋਨਾ ਤੋਲਣ ਅਤੇ ਇੱਕ ਆੜ੍ਹਤੀ ਨੂੰ ਢੇਰੀਆਂ ਰਜਿਸਟਰ ਵਿੱਚ ਦਰਜ ਨਾ ਕਰਨ ਦੇ ਦੋਸ਼ ਅਧੀਨ ਜ਼ੁਰਮਾਨਾ ਕੀਤਾ ਗਿਆ ਹੈ।