ਸ਼ਸ਼ੀ ਪਾਲ ਜੈਨ
ਖਰੜ, 19 ਜਨਵਰੀ
ਨਗਰ ਕੌਸਲ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਖਰੜ ਦੇ ਕੁੱਲ 27 ਵਾਰਡਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰੇਗੀ ਅਤੇ ਉਮੀਦਵਾਰਾਂ ਦਾ ਐਲਾਨ ਆਉਣ ਵਾਲੇ 2-3 ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਕਾਂਗਰਸ ਪਾਰਟੀ ਵੱਲੋਂ ਖਰੜ ਨਗਰ ਕੌਸਲ ਲਈ ਨਿਯੁਕਤ ਕੀਤੇ ਆਬਜ਼ਰਵਰ ਵਿਕਰਮਜੀਤ ਸਿੰਘ ਬਾਜਵਾ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਟਿਕਟ ਲੈਣ ਲਈ 50 ਦੇ ਕਰੀਬ ਉਮੀਦਵਾਰਾਂ ਨੇ ਆਪਣੀਆਂ ਅਰਜ਼ੀਆਂ ਭੇਜੀਆਂ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਰਜ਼ੀਆਂ ਦੇਣ ਵਾਲੇ ਵਿਅਕਤੀਆਂ ਨਾਲ ਉਹ ਇੱਕ ਦੋ ਦਿਨਾਂ ਵਿੱਚ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਚੋਣ ਨਿਸ਼ਾਨ ਉਤੇ ਚੋਣ ਲੜੇਗੀ। ਇਸੇ ਦੌਰਾਨ ਵਾਰਡ ਨੰਬਰ ਚਾਰ ਪਿੰਡ ਜੰਡਪੁਰ ਵਿੱਚ ਡਾ. ਰਘੁਬੀਰ ਸਿੰਘ ਬੰਗੜ ਵੱਲੋਂ ਦਫਤਰ ਖੋਲ੍ਹਿਆ ਗਿਆ। ਡਾ. ਬੰਗੜ ਨੇ ਕਿਹਾ ਕਿ ਵਾਰਡ ਨੰਬਰ ਚਾਰ ਵਿਚ ਜਿੰਨੇ ਵੀ ਵਿਕਾਸ ਦੇ ਕਾਰਜ ਹੋ ਰਹੇ ਹਨ ਉਹ ਇਸੇ ਤਰ੍ਹਾਂ ਚਲਦੇ ਰਹਿਣਗੇ। ਇਸ ਮੌਕੇ ਸ਼ੇਰ ਸਿੰਘ ਢਿੱਲੋਂ ਅਤੇ ਰਣਧੀਰ ਸਿੰਘ ਵੱਲੋਂ ਰੀਬਨ ਕੱਟ ਕੇ ਦਫਤਰ ਦਾ ਉਦਘਾਟਨ ਕੀਤਾ ਗਿਆ। ਭਾਜਪਾ ਮਹਿਲਾ ਮੋਰਚਾ ਜ਼ਿਲ੍ਹਾ ਮੁਹਾਲੀ ਦੇ ਜ਼ਿਲ੍ਹਾ ਸਕੱਤਰ ਡਾ. ਪ੍ਰਤਿਭਾ ਮਿਸ਼ਰਾ ਨੇ ਇੱਥੋਂ ਦੇ ਵਾਰਡ ਨੰਬਰ 15 ਵਿਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਨੁੱਕੜ ਮੀਟਿੰਗ ਕੀਤੀ ਜਿਸ ਵਿਚ ਵਨੀਤ ਜੋਸ਼ੀ ਸੂੁੁਬਾ ਇੰਚਾਰਜ ਚੋਣ ਨਗਰ ਕੌਂਸਲ ਖਰੜ ਤੇ ਪਵਨ ਮਨੋਚਾ ਪ੍ਰਧਾਨ ਭਾਜਪਾ ਖਰੜ ਹਾਜ਼ਰ ਹੋਏ। ਇਸ ਮੌਕੇ ਰੋਹਿਤ ਮਿਸ਼ਰਾ ਜ਼ਿਲ੍ਹਾ ਪ੍ਰਧਾਨ ਉਦਯੋਗ ਸੈੱਲ ਭਾਜਪਾ ਮੁਹਾਲੀ ,ਦਵਿੰਦਰ ਸਿੰਘ ਪ੍ਰਭਾਰੀ, ਵਾਰਡ ਨੰਬਰ 14 ,15 ਤੇ 16 , ਜਗਦੀਸ਼ ਗੁਪਤਾ ਕਨਵੀਨਰ ਬੁਧੀਜੀਵੀ ਸੈੱਲ ਭਾਜਪਾ ਮੁਹਾਲੀ, ਕਰਤਾਰ ਕੌਰ ,ਜੇਪੀ ਸਿੰਘ ਹਾਜ਼ਰ ਸਨ।
ਤੱਕੜੀ ਚੋਣ ਨਿਸ਼ਾਨ ’ਤੇ ਲੜਨਗੇ ਸਾਰੇ ਉਮੀਦਵਾਰ ਚੋਣ: ਚੀਮਾ
ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ) : ਇੱਥੇ ਅੱਜ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ 22 ਜਨਵਰੀ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਨ ਵਾਲੇ ਪਾਰਟੀ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਾਰੇ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਤਕੜੀ ਤੇ ਆਪਣੀ ਚੋਣ ਲੜਨਗੇ। ਇਸ ਮੌਕੇ ਭਾਈ ਅਮਰਜੀਤ ਸਿੰਘ ਚਾਵਲਾ, ਜ਼ਿਲ੍ਹਾ ਜਥੇਦਾਰ ਗੁਰਿੰਦਰ ਸਿੰਘ ਗੋਗੀ , ਜਥੇਦਾਰ ਰਾਮ ਸਿੰਘ ਸੁਰਿੰਦਰ ਸਿੰਘ ਮਟੌਰ, ਬੀਬੀ ਕੁਲਵਿੰਦਰ ਕੌਰ ਹਾਜ਼ਰ ਸਨ।
ਭੱਟੀ ਵਾਰਡ ਨੰਬਰ 6 ਤੋਂ ਲੜਨਗੇ ਚੋਣ
ਲਾਲੜੂ (ਸਰਬਜੀਤ ਸਿੰਘ ਭੱਟੀ): ਇੱਥੋਂ ਦੇ ਵਾਰਡ ਨੰਬਰ 6 ਤੋਂ ਨੌਜਵਾਨ ਕਾਂਗਰਸੀ ਆਗੂ ਤੇ ਸਰਕਾਰੀ ਕਾਮਰਸ ਕਾਲਜ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਰਹੇ ਐਡੋਵੇਕਟ ਮਨਪ੍ਰੀਤ ਸਿੰਘ ਭੱਟੀ ਨੇ ਵੀ ਚੋਣ ਲੜਨ ਦਾ ਐਲਾਨ ਕੀਤਾ ਹੈ। ਸ੍ਰੀ ਭੱਟੀ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸਰਕਾਰੀ ਕਾਮਰਸ ਕਾਲਜਵਿੱਚ ਸੱਭ ਤੋਂ ਵੱਧ ਵੋਟਾਂ ਪ੍ਰਾਪਤ ਕਰਕੇ ਪ੍ਰਧਾਨ ਬਣੇ ਸਨ।