ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 25 ਮਈ
ਇਥੋਂ ਦੇ ਮਲੋਆ ਪਿੰਡ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਰਾਹਤ ਦੀ ਖਬਰ ਹੈ। ਇਸ ਸਕੂਲ ਦੇ ਵੱਡੀਆਂ ਜਮਾਤਾਂ ਦੇ ਵਿਦਿਆਰਥੀ ਮਲੋਆ ਦੇ ਆਰਸੀ-1 ਸਕੂਲ ਵਿੱਚ ਸ਼ਿਫਟ ਹੋਣਗੇ ਕਿਉਂਕਿ ਸਕੂਲ ਦੀ ਇਕ ਹਿੱਸੇ ਦੀ ਇਮਾਰਤ ਅਸੁਰੱਖਿਅਤ ਹੈ। ਦੂਜੇ ਪਾਸੇ ਸਿੱਖਿਆ ਵਿਭਾਗ ਨੇ ਮਲੋਆ ਦੇ ਹੀ ਸਰਕਾਰੀ ਹਾਈ ਸਕੂਲ ਦੀ ਸਾਰ ਨਹੀਂ ਲਈ ਤੇ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਇਸ ਸੈਸ਼ਨ ਵਿਚ ਇਸੇ ਸਕੂਲ ਵਿਚ ਰੱਖਿਆ ਜਾਵੇਗਾ। ਇਸ ਸਬੰਧੀ ਪੱਤਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਜਾਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮਲੋਆ ਵਿੱਚ ਚਾਰ ਸਕੂਲ ਹਨ, ਇਕ ਸਕੂਲ ਪਿੰਡ, ਇਕ ਕਲੋਨੀ ਤੇ ਇਕ ਆਰਸੀ-2 ਤੇ ਇਕ ਸਕੂਲ ਨਵਾਂ ਬਣਿਆ ਹੈ ਜੋ ਆਰਸੀ-1 ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਰਸੀ-2 ਵਿਚ ਇਸ ਵੇਲੇ ਕਲੋਨੀ ਨੰਬਰ ਪੰਜ ਤੋਂ ਬਦਲ ਕੇ ਆਏ ਬੱਚਿਆਂ ਨੂੰ ਰੱਖਿਆ ਗਿਆ ਹੈ ਜਿਥੇ 1600 ਦੇ ਕਰੀਬ ਵਿਦਿਆਰਥੀ ਸਿੱਖਿਆ ਲੈ ਰਹੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮਲੋਆ ਦੇ ਹਾਈ ਸਕੂਲ ਵਿੱਚ ਸੀਮਤ ਗਿਣਤੀ ਦੇ ਹੀ ਕਮਰੇ ਹਨ ਜਿਸ ਕਾਰਨ ਸਕੂਲ ਵਲੋਂ ਕਈ ਵਾਰ ਹੋਰ ਸਕੂਲ ਵਿਚ ਬੱਚੇ ਤਬਦੀਲ ਕਰਨ ਲਈ ਪੱਤਰ ਲਿਖੇ ਗਏ ਸਨ ਪਰ ਸਿੱਖਿਆ ਵਿਭਾਗ ਨੇ ਇਸ ਸਕੂਲ ਦੇ ਵਿਦਿਆਰਥੀਆਂ ਦੀ ਸਮੱਸਿਆ ਹੱਲ ਨਹੀਂ ਕੀਤੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਸਕੂਲ ਕੋਲ ਨਾ ਤਾਂ ਲਾਇਬ੍ਰੇਰੀ ਲਈ ਕਮਰਾ ਹੈ ਤੇ ਨਾ ਹੀ ਕੋਈ ਪ੍ਰਯੋਗਸ਼ਾਲਾ ਜਿਸ ਕਾਰਨ ਵਿਦਿਆਰਥੀ ਪ੍ਰੇਸ਼ਾਨ ਹਨ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਦੀ ਇਸ ਸੈਸ਼ਨ ਤੋਂ ਨਵੇਂ ਸਕੂਲ ਵਿਚ ਬੱਚੇ ਤਬਦੀਲ ਕਰਨ ਦੀ ਯੋਜਨਾ ਸੀ ਪਰ ਇਸ ਇਮਾਰਤ ਨੂੰ ਕੋਵਿਡ ਸੈਂਟਰ ਬਣਾਇਆ ਗਿਆ ਹੈ।
ਸਕੂਲਾਂ ਤੋਂ ਅਧਿਆਪਕਾਂ ਦੀਆਂ ਸੂਚੀਆਂ ਮੰਗੀਆਂ
ਜ਼ਿਲ੍ਹਾ ਸਿੱਖਿਆ ਦਫਤਰ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਅਧਿਆਪਕਾਂ ਦੇ ਵੇਰਵੇ ਮੰਗੇ ਹਨ ਜਿਨ੍ਹਾਂ ਨੂੰ ਮਲੋਆ ਦੇ ਆਰਸੀ-1 ਸਕੂਲ ਵਿਚ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਧਨਾਸ ਦੀ ਪ੍ਰਿੰਸੀਪਲ ਨੂੰ ਆਰਸੀ-1 ਦੀ ਮਾਨਤਾ ਲੈਣ ਲਈ ਸੀਬੀਐਸਈ ਨਾਲ ਰਾਬਤਾ ਬਣਾਉਣ ਲਈ ਵੀ ਕਿਹਾ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨੇ ਅੱਜ ਅਧਿਆਪਕਾਂ ਤੇ ਸਕੂਲ ਮੁਖੀਆਂ ਦੇ ਤਬਾਦਲੇ ਕੀਤੇ ਹਨ ਜਿਨ੍ਹਾਂ ਨੂੰ ਮੱਖਣ ਮਾਜਰਾ, ਸਰਕਾਰੀ ਹਾਈ ਸਕੂਲ ਮਲੋਆ, ਹੱਲੋਮਾਜਰਾ, ਸੈਕਟਰ-50, 11 ਤੇ 53 ਦੇ ਸਕੂਲਾਂ ਵਿਚ ਤਾਇਨਾਤ ਕੀਤਾ ਗਿਆ ਹੈ।