ਮੁਕੇਸ਼ ਕੁਮਾਰ
ਚੰਡੀਗੜ੍ਹ, 19 ਸਤੰਬਰ
ਚੰਡੀਗੜ੍ਹ ਨਗਰ ਨਿਗਮ ਦੀ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਇਲੈਕਟ੍ਰਾਨਿਕ ਉਤਪਾਦਾਂ ਦੀ ਰਹਿੰਦ ਖੂਹੰਦ ਦੇ ਨਿਪਟਾਰੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਥੇ ਨਗਰ ਨਿਗਮ ਭਵਨ ਵਿਖੇ ਇੱਕ ‘ਈ-ਵੇਸਟ’ ਕੇਂਦਰ ਦੀ ਸ਼ੁਰੂਆਤ ਕੀਤੀ। ਨਿਗਮ ਕਮਿਸ਼ਨਰ ਨੇ ਕਿਹਾ ਕਿ ‘ਸਵੱਛ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਵਜੋਂ ਨਿਗਮ ਵਲੋਂ ਈ-ਵੇਸਟ ਨੂੰ ਜ਼ਿੰਮੇਵਾਰੀ ਨਾਲ ਹਟਾਉਣ ਲਈ ਕੁਲੈਕਸ਼ਨ ਸੈਂਟਰ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਇਹ ਵਾਤਾਵਰਣ ਨੂੰ ਪ੍ਰਦੂਸ਼ਿਤ ਨਾ ਕਰੇ। ਉਨ੍ਹਾਂ ਕਿਹਾ ਕਿ ਇਹ ਕੇਂਦਰ ਈ-ਕੂੜਾ ਪ੍ਰਬੰਧਨ ਦੇ ਖੇਤਰ ਵਿੱਚ ਕੰਮ ਕਰ ਰਹੀ ਗੈਰ ਸਰਕਾਰੀ ਸੰਸਥਾ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਹੈ ਜੋ ਕੇਂਦਰ ਵਿੱਚ ਇਕੱਠੇ ਕੀਤੇ ਗਏ ਈ-ਕੂੜੇ ਦੀ ਸੰਭਾਲ ਕਰੇਗਾ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਈ-ਵੇਸਟ ਨੂੰ ਕੂੜੇ ਵਿੱਚ ਸੁੱਟਣਾ ਆਮ ਗੱਲ ਹੈ, ਜੋ ਕਿ ਸਾਡੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਈ‘ਵੇਸਟ ਦੇ ਨਿਪਟਾਰਾ ਲਈ ਇਕ ਐਨਜੀਓ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਇਹ ਨਗਰ ਨਿਗਮ ਨੂੰ ਇਸ ਕੇਂਦਰ ਵਿਖੇ ਇਕੱਤਰ ਹੋਣ ਵਾਲੇ ਈ-ਵੇਸਟ ਦੀ ਮਾਤਰਾ ਬਾਰੇ ਰਿਪੋਰਟ ਵੀ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਖੁਦ ਵੱਡੀ ਮਾਤਰਾ ਵਿੱਚ ਈ-ਵੇਸਟ ਪੈਦਾ ਕਰਦਾ ਹੈ, ਜਿਸ ਵਿੱਚ ਪੁਰਾਣੇ ਡੈਸਕਟਾਪ, ਕੀ-ਬੋਰਡ, ਮਾਊਸ, ਲੈਪਟਾਪ ਅਤੇ ਮੋਬਾਈਲ ਫੋਨ ਆਦਿ ਸ਼ਾਮਲ ਹਨ, ਜੋ ਕਿ ਹੁਣ ਈ-ਵੇਸਟ ਇਕੱਠਾ ਕਰਨ ਵਾਲੇ ਕੇਂਦਰ ਵਿੱਚ ਜਮ੍ਹਾਂ ਕਰਾਏ ਜਾਣਗੇ ਅਤੇ ਇਸ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਘਰਾਂ ਵਿੱਚ ਪੈਦਾ ਹੋਣ ਵਾਲਾ ਈ-ਵੇਸਟ ਇਕੱਠਾ ਕਰਕੇ ਜ਼ਿੰਮੇਵਾਰੀ ਨਾਲ ਸੈਂਟਰ ਵਿੱਚ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ ਜਿੱਥੇ ਵਪਾਰਕ ਖੇਤਰਾਂ ਅਤੇ ਰਿਹਾਇਸ਼ਾਂ ਤੋਂ ਰਵਾਇਤੀ ਗਿੱਲੇ ਕੂੜੇ ਅਤੇ ਹੋਰ ਬਾਇਓਡੀਗ੍ਰੇਡੇਬਲ ਰਹਿੰਦ-ਖੂੰਹਦ ਦੇ ਨਿਪਟਾਰੇ ਨੂੰ ਮਹੱਤਵ ਦਿੱਤਾ ਗਿਆ ਹੈ, ਉਥੇ ਈ-ਵੇਸਟ ਇਕੱਠਾ ਕਰਨ ਅਤੇ ਨਿਪਟਾਰੇ ਵੱਲ ਪੂਰਾ ਧਿਆਨ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਈ-ਵੇਸਟ ਨੂੰ ਜ਼ਿੰਮੇਵਾਰੀ ਨਾਲ ਰੀਸਾਈਕਲ ਕਰਨ ਲਈ ਵੱਖਰੇ ਤੌਰ ‘ਤੇ ਨਿਪਟਾਉਣ ਅਤੇ ਇਸ ਨੂੰ ਹੋਰ ਕਿਸਮ ਦੇ ਘਰੇਲੂ ਕੂੜੇ ਨਾਲ ਨਾ ਮਿਲਾਉਣ।