ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 11 ਅਕਤੂਬਰ
ਪ੍ਰਸ਼ਾਸਨਿਕ ਸੁਧਾਰਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਸੇਵਾ ਕੇਂਦਰ ਦਾ ਦੌਰਾ ਕੀਤਾ ਅਤੇ ਸੇਵਾ ਕੇਂਦਰ ਦੇ ਕੰਮਕਾਜ ਦਾ ਜਾਇਜ਼ਾ ਲਿਆ। ਉਨ੍ਹਾਂ ਨਾਗਰਿਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਜਾਣਿਆ।
ਮੰਤਰੀ ਨੇ ਸਰਵਿਸ ਅਪਰੇਟਰਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੀ ਗੁਣਵੱਤਾ ਵਿੱਚ ਵਾਧਾ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਹਰੇਕ ਨਾਗਰਿਕ ਨੂੰ ਪਹਿਲ ਦੇ ਆਧਾਰ ’ਤੇ ਮੁਸ਼ਕਲ ਰਹਿਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਇਸ ਤੋਂ ਇਲਾਵਾ ਉਨ੍ਹਾਂ ਫੇਜ਼-1 ਵਿੱਚ 6 ਸੇਵਾਵਾਂ ਸ਼ੁਰੂ ਕਰਕੇ ਫਾਰਮ ਰਹਿਤ ਸੇਵਾਵਾਂ ਦੇ ਨਾਮ ਨਾਲ ਨਵੇਂ ਸੰਕਲਪ ਦੀ ਸ਼ੁਰੂਆਤ ਕੀਤੀ। ਮੀਤ ਹੇਅਰ ਨੇ ਕਿਹਾ ਕਿ ਹੁਣ ਫਿਜ਼ੀਕਲ ਤੌਰ ’ਤੇ ਫਾਰਮ ਭਰੇ ਬਿਨਾਂ ਨਾਗਰਿਕ ਵੱਖ-ਵੱਖ ਸੇਵਾਵਾਂ ਜਿਵੇਂ ਕਿ ਆਮਦਨ ਸਰਟੀਫਿਕੇਟ, ਪੇਂਡੂ ਖੇਤਰ ਦਾ ਸਰਟੀਫਿਕੇਟ, ਜਨਮ ਸਰਟੀਫਿਕੇਟ ਵਿੱਚ ਨਾਮ ਜੋੜਨਾ, ਆਮਦਨ ਅਤੇ ਸੰਪਤੀ ਸਰਟੀਫਿਕੇਟ, ਜਨਰਲ ਕਾਸਟ ਸਰਟੀਫਿਕੇਟ ਅਤੇ ਸੀਨੀਅਰ ਸਿਟੀਜ਼ਨ ਸ਼ਨਾਖ਼ਤੀ ਕਾਰਡ ਆਦਿ ਪ੍ਰਾਪਤ ਕਰ ਸਕਦੇ ਹਨ। ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਨਾਗਰਿਕ ਨੂੰ ਸੇਵਾ ਕੇਂਦਰ ਵਿੱਚ ਸਿਰਫ਼ ਪਛਾਣ ਦੇ ਅਸਲ ਸਬੂਤ ਅਤੇ ਪਤੇ ਦੇ ਸਬੂਤ (ਸਰਕਾਰ ਵੱਲੋਂ ਪਹਿਲਾਂ ਹੀ ਨੋਟੀਫਾਈ ਕੀਤਾ ਜਾ ਚੁੱਕਾ ਹੈ) ਸਮੇਤ ਸੇਵਾ ਸਬੰਧੀ ਵਿਸ਼ੇਸ਼ ਦਸਤਾਵੇਜ਼ ਜਿਵੇਂ ਸਵੈ-ਘੋਸ਼ਣਾ ਫਾਰਮ ਲੈ ਕੇ ਸੇਵਾ ਕੇਂਦਰ ਵਿੱਚ ਜਾਣਾ ਹੋਵੇਗਾ। ਨਾਗਰਿਕਾਂ ਦੇ ਦਸਤਾਵੇਜ਼ਾਂ ਦੇ ਆਧਾਰ ’ਤੇ ਸੇਵਾ ਕੇਂਦਰ ਸੰਚਾਲਕ ਆਨਲਾਈਨ ਫਾਰਮ ਭਰਨ ਅਤੇ ਸਿਸਟਮ ਰਾਹੀਂ ਤਿਆਰ ਕੀਤੇ ਗਏ ਫਾਰਮ ’ਤੇ ਨਾਗਰਿਕ ਦੇ ਦਸਤਖ਼ਤ ਲੈ ਕੇ ਸੇਵਾ ਨੂੰ ਬਿਨੈ ਕਰੇਗਾ। ਅਗਲੀਆਂ ਵਿਸ਼ੇਸ਼ਤਾਵਾਂ ਤਹਿਤ ਫਾਰਮ ਰਹਿਤ ਸੇਵਾਵਾਂ ਦੇ ਰੂਪ ਵਿੱਚ ਹੋਰ ਸੇਵਾਵਾਂ ਸ਼ਾਮਲ ਕੀਤੀਆਂ ਜਾਣਗੀਆਂ।
ਮੰਤਰੀ ਨੇ ਉਨ੍ਹਾਂ ਨਾਗਰਿਕਾਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਆਪਣੇ ਮੋਬਾਈਲ ਫੋਨਾਂ/ਐੱਸਐੱਮਐੱਸ ਰਾਹੀਂ ਸਰਟੀਫਿਕੇਟ ਪ੍ਰਾਪਤ ਕੀਤੇ। ਹਾਲ ਹੀ ਵਿੱਚ ਪ੍ਰਸ਼ਾਸਨਿਕ ਸੁਧਾਰ ਮੰਤਰੀ ਵੱਲੋਂ ਹੋਲੋਗ੍ਰਾਮ ਅਤੇ ਭੌਤਿਕ ਹਸਤਾਖਰਾਂ ਨੂੰ ਹਟਾਉਣ ਬਾਰੇ ਐਲਾਨ ਕੀਤਾ ਸੀ। ਇਸ ਸਬੰਧੀ ਜਾਰੀ ਨੋਟੀਫ਼ਿਕੇਸ਼ਨ ਲਾਗੂ ਕਰ ਦਿੱਤਾ ਗਿਆ ਹੈ।