ਕੁਲਦੀਪ ਸਿੰਘ
ਚੰਡੀਗੜ੍ਹ, 8 ਅਗਸਤ
ਚੰਡੀਗੜ੍ਹ ਵਿੱਚ ਅੱਜ ਕਰੋਨਾਵਾਇਰਸ ਪੀੜਤ ਇੱਕ 60 ਸਾਲਾ ਔਰਤ ਪਾਰਵਤੀ ਦੇਵੀ ਵਾਸੀ ਸੈਕਟਰ 45 ਦੀ ਮੌਤ ਹੋ ਗਈ। ਇਹ ਔਰਤ ਸ਼ੂਗਰ ਵਧਣ ਕਾਰਨ ਸਰਕਾਰੀ ਮੈਡੀਕਲ ਕਾਲਜ ਤੇ ਹਸਪਾਲ-32 ਵਿੱਚ 5 ਜੁਲਾਈ ਤੋਂ ਆਈਸੀਯੂ ’ਚ ਦਾਖ਼ਲ ਸੀ ਅਤੇ ਉਸ ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਹੋਈ ਸੀ। ਇਸ ਤੋਂ ਇਲਾਵਾ 52 ਹੋਰ ਵਿਅਕਤੀਆਂ ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ। ਉੱਥੇ ਹੀ 52 ਮਰੀਜ਼ਾਂ ਨੂੰ ਸਿਹਤਯਾਬ ਹੋਣ ਮਗਰੋਂ ਵੱਖ-ਵੱਖ ਹਸਪਤਾਲਾਂ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ। ਅੱਜ ਸਾਹਮਣੇ ਆਏ ਨਵੇਂ ਮਰੀਜ਼ਾਂ ਵਿੱਚ ਸੈਕਟਰ 2, 3, 15, 18, 19, 21, 22, 24, 26, 28, 30, 38, 40, 44, 45, 49, 51, ਪੀਜੀਆਈ, ਜੀਐੱਮਸੀਐਚ-32, ਖੁੱਡਾ ਅਲੀਸ਼ੇਰ, ਬੁੜੈਲ, ਮੌਲੀ ਜਾਗਰਾਂ, ਖੁੱਡਾ ਜੱਸੂ, ਹੱਲੋਮਾਜਰਾ, ਮਲੋਆ ਦੇ ਵਸਨੀਕ ਸ਼ਾਮਲ ਹਨ ਜਦੋਂਕਿ ਇੱਕ ਮਰੀਜ਼ ਸੈਕਟਰ-16 ਸਥਿਤ ਜਨਰਲ ਹਸਪਤਾਲ ਵਿੱਚ ਤਾਇਨਾਤ ਹੈ। ਹੁਣ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ 1426 ਹੋ ਗਈ ਹੈ। ਹੁਣ ਤੱਕ 872 ਮਰੀਜ਼ ਡਿਸਚਾਰਜ ਹੋ ਚੁੱਕੇ ਹਨ ਅਤੇ ਹੁਣ ਤੱਕ ਕੁੱਲ 24 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੋਈ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 529 ਹੈ।
ਐੱਸ.ਏ.ਐੱਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਜ਼ਿਲ੍ਹਾ ਐੱਸਏਐੱਸ ਨਗਰ (ਮੁਹਾਲੀ) ਵਿੱਚ ਸ਼ਨਿਚਰਵਾਰ ਨੂੰ ਕਰੋਨਾਵਾਇਰਸ ਦੇ 95 ਹੋਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 1264 ’ਤੇ ਪਹੁੰਚ ਗਈ ਹੈ। ਇਸੇ ਦੌਰਾਨ ਅੱਜ ਇਕ ਹੋਰ ਕਰੋਨਾ ਪੀੜਤ ਬਜ਼ੁਰਗ ਦੀ ਮੌਤ ਹੋ ਗਈ ਹੈ ਅਤੇ ਹੁਣ ਤੱਕ ਜ਼ਿਲ੍ਹੇ ’ਚ 19 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚ ਇਕ ਦੋ ਸਾਲ ਦੀ ਮਾਸੂਮ ਬੱਚੀ ਵੀ ਸ਼ਾਮਲ ਹੈ। ਇਸ ਦੌਰਾਨ ਅੱਜ 26 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ 21 ਸਾਲਾ ਨੌਜਵਾਨ, ਇੱਥੋਂ ਦੇ ਫੇਜ਼-2 ਵਿੱਚ 36 ਸਾਲ ਤੇ 44 ਸਾਲਾ ਪੁਰਸ਼, ਫੇਜ਼-5 ਵਿੱਚ ਚਾਰ ਸਾਲਾ ਬੱਚੀ, ਫੇਜ਼-7 ਵਿੱਚ 45 ਸਾਲਾ ਪੁਰਸ਼, ਫੇਜ਼-9 ਵਿੱਚ 29 ਸਾਲਾ ਨੌਜਵਾਨ, ਫੇਜ਼-10 ਵਿੱਚ 71 ਸਾਲ ਦੀ ਔਰਤ, ਫੇਜ਼-11 ਵਿੱਚ 33 ਸਾਲਾ ਪੁਰਸ਼, ਸੈਕਟਰ-68 ਵਿੱਚ 62 ਸਾਲਾ ਪੁਰਸ਼, ਸੈਕਟਰ-69 ਵਿੱਚ 28 ਸਾਲ, 65 ਸਾਲ ਤੇ 85 ਸਾਲਾ ਪੁਰਸ਼, ਸੈਕਟਰ-71 ਵਿੱਚ 25 ਸਾਲ ਤੇ 54 ਸਾਲ ਦੀਆਂ ਦੋ ਔਰਤਾਂ, ਸੈਕਟਰ-81 ਵਿੱਚ 25 ਸਾਲਾ ਨੌਜਵਾਨ, ਸੈਕਟਰ-91 ਵਿੱਚ 48 ਸਾਲਾ ਪੁਰਸ਼, ਸੈਕਟਰ-115 ਵਿੱਚ 18 ਸਾਲਾ ਲੜਕੀ ਤੇ 20 ਸਾਲਾ ਨੌਜਵਾਨ, ਸੈਕਟਰ-117 ਵਿੱਚ 36 ਸਾਲਾ ਪੁਰਸ਼, ਪਿੰਡ ਮਟੌਰ ਵਿੱਚ 15 ਸਾਲ ਤੇ 19 ਸਾਲਾ ਨੌਜਵਾਨ, ਸੋਹਾਣਾ ਵਿੱਚ 47 ਸਾਲਾ ਪੁਰਸ਼, ਦਾਊਂ ਵਿੱਚ 32 ਸਾਲਾ ਪੁਰਸ਼, ਭਾਗੋਮਾਜਰਾ ਵਿੱਚ 63 ਸਾਲਾ ਪੁਰਸ਼, ਸਨੇਟਾ ਵਿੱਚ 41 ਸਾਲ ਦੀ ਔਰਤ, ਨਵਾਂ ਗਾਉਂ ਵਿੱਚ 55 ਸਾਲ ਔਰਤ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 62 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਆਈਟੀਬੀਪੀ ਦੇ 17 ਜਵਾਨ ਵੀ ਸ਼ਾਮਲ ਹਨ ਜਦੋਂਕਿ ਸੱਤ ਮਰੀਜ਼ ਬਾਹਰਲੇ ਰਾਜਾਂ ਜਾਂ ਜ਼ਿਲ੍ਹਿਆਂ ਦੇ ਹਨ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਇੱਥੋਂ ਦੇ ਸੈਕਟਰ 9, 2, 12ਏ, 8, 15, 16, 4, 25, 20 ਅਤੇ 21 ਵਿੱਚੋਂ ਅਤੇ ਪਿੰਡ ਅਭੈਪੁਰ, ਐੱਮਡੀਸੀ ਸੈਕਟਰ-4, 5, ਕਾਲਕਾ, ਪਿੰਜੌਰ, ਸਕੇਤੜੀ, ਰਾਏਪੁਰਰਾਣੀ, ਹੰਗੋਲਾ, ਖਾਨਗੇਸਰਾ ਤੋਂ ਕਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਊਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕਰੋਨਾ ਕਾਰਨ ਕੁੱਲ ਤਿੰਨ ਮੌਤਾਂ ਹੋ ਚੁੱਕੀਆਂ ਹਨ।
ਮਨੀਮਾਜਰਾ ਵਾਸੀਆਂ ਨੇ ਪ੍ਰਸ਼ਾਸਕ ਨੂੰ ਲਿਖਿਆ ਪੱਤਰ
ਚੰਡੀਗੜ੍ਹ (ਆਤਿਸ਼ ਗੁਪਤਾ): ਸ਼ਹਿਰ ਵਿੱਚ ਵਧ ਰਹੇ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਨੂੰ ਦੇਖਦਿਆਂ ਯੂਟੀ ਪ੍ਰਸ਼ਾਸਨ ਵੱਲੋਂ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ ਗਏ ਪਿੱਪਲੀ ਵਾਲਾ ਟਾਊਨ ਮਨੀਮਾਜਰਾ ਦੇ ਵਸਨੀਕਾਂ ਵੱਲੋਂ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਦੇ ਨਾਂ ਪੱਤਰ ਲਿਖਿਆ ਗਿਆ। ਇਸ ਪੱਤਰ ਵਿੱਚ ਲੋਕਾਂ ਨੇ ਇਲਾਕੇ ਵਿੱਚ ਕਰੋਨਾ ਪਾਜ਼ੇਟਿਵ ਪਾਏ ਗਏ ਵਿਅਕਤੀਆਂ ਨੂੰ ਇਕਾਂਤਵਾਸ ਕੇਂਦਰ ਭੇਜਣ ਅਤੇ ਇਲਾਕੇ ਨੂੰ ਖੋਲ੍ਹਣ ਦੀ ਮੰਗ ਕੀਤੀ ਹੈ। ਇਸ ਬਾਰੇ ਦੀਪ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਿੱਪਲੀ ਵਾਲਾ ਟਾਊਨ ਦੇ ਜਿਹੜੇ ਘਰਾਂ ਨੂੰ ਬੰਦ ਕੀਤਾ ਗਿਆ ਹੈ, ਉਹ ਸਾਰੇ ਮਜ਼ਦੂਰਾਂ ਦੇ ਘਰ ਹਨ ਜੋ ਰੋਜ਼ਾਨਾ ਕੰਮ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ ਜਾਣ ਕਰ ਕੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਰਫਿਊ/ਤਾਲਾਬੰਦੀ ਕਰ ਕੇ ਕੰਮਕਾਰ ਬੰਦ ਸੀ ਅਤੇ ਹੁਣ ਇਲਾਕੇ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ ਜਾਣ ਕਰ ਕੇ ਦਿਹਾੜੀ ਕਰਨ ਵਾਲੇ ਲੋਕਾਂ ਦਾ ਕੰਮਕਾਰ ਪ੍ਰਭਾਵਿਤ ਹੋ ਰਿਹਾ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਕ ਤੋਂ ਮੰਗ ਕੀਤੀ ਕਿ ਇਲਾਕੇ ਦੇ ਲੋਕਾਂ ਦੀ ਥਰਮਲ ਸਕਰੀਨਿੰਗ ਕਰ ਕੇ ਲੋੜ ਅਨੁਸਾਰ ਕਰੋਨਾ ਟੈਸਟ ਕੀਤਾ ਜਾਵੇ ਅਤੇ ਇਲਾਕੇ ਨੂੰ ਜਲਦੀ ਤੋਂ ਜਲਦੀ ਖੋਲ੍ਹਿਆ ਜਾਵੇ ਤਾਂ ਜੋ ਲੋਕ ਆਪਣੇ ਕੰਮਾਂਕਾਰਾਂ ’ਤੇ ਪਰਤ ਕੇ ਗੁਜ਼ਾਰਾ ਚਲਾ ਸਕਣ।