ਕਰਮਜੀਤ ਸਿੰਘ ਚਿੱਲਾ
ਬਨੂੜ, 10 ਜੂਨ
ਬਲੌਂਗੀ ਤੋਂ ਬਾਅਦ ਅੱਜ ਪਿੰਡ ਗੁਡਾਣਾ ਵਿਖੇ ਕਲੋਰੀਨ ਗੈਸ ਦਾ ਸਿਲੰਡਰ ਲੀਕ ਹੋ ਗਿਆ। ਤੇਜ਼ ਹਨੇਰੀ ਕਾਰਨ ਲੀਕ ਹੋਈ ਗੈਸ ਨੂੰ ਹਵਾ ਉਡਾਕੇ ਲੈ ਗਈ, ਜਿਸ ਕਾਰਨ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਤਿੰਨ ਬੱਚਿਆਂ ਅਤੇ ਇੱਕ ਮਹਿਲਾ ਉੱਤੇ ਇਸ ਦਾ ਹਲਕਾ ਪ੍ਰਭਾਵ ਪਿਆ। ਪਿੰਡ ਦੇ ਸਰਪੰਚ ਹਰਿੰਦਰ ਸਿੰਘ ਜੋਨੀ ਨੇ ਦੱਸਿਆ ਕਿ ਕਲੋਰੀਨ ਦੀ 90 ਕਿਲੋ ਕਪੈਸਿਟੀ ਵਾਲਾ ਡੇਢ-ਦੋ ਕੁਇੰਟਲ ਦਾ ਸਿਲੰਡਰ ਪਿਛਲੇ ਕਾਫ਼ੀ ਸਮੇਂ ਤੋਂ ਵਾਟਰ ਸਪਲਾਈ ਦੇ ਟਿਊਬਵੈੱਲ ਅਪਰੇਟਰ ਕਰਮਜੀਤ ਸਿੰਘ ਦੇ ਘਰ ਪਿਆ ਸੀ। ਸਰਪੰਚ ਨੇ ਦੱਸਿਆ ਕਿ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਟੀਮ ਉਕਤ ਸਿਲੰਡਰ ਨੂੰ ਚੁੱਕਣ ਆਈ ਸੀ। ਸਿਲੰਡਰ ਨੂੰ ਚੁੱਕਣ ਸਮੇਂ ਇਸ ਦੇ ਮੂੰਹ ਦਾ ਉੱਪਰਲਾ ਗਲਿਆ ਹੋਇਆ ਹਿੱਸਾ ਟੁੱਟ ਗਿਆ ਤੇ ਇੱਕ ਦਮ ਗੈਸ ਲੀਕ ਕਰ ਗਈ। ਇਸ ਦੌਰਾਨ ਟਿਊਬਵੈੱਲ ਅਪਰੇਟਰ ਦੇ ਘਰ ਦੇ ਨੇੜਲੀ ਦੁਕਾਨ ਵਿੱਚੋਂ ਸਾਮਾਨ ਖਰੀਦਣ ਆਏ ਪ੍ਰਭਦੀਪ, ਜਸ਼ਨ ਤੇ ਇੱਕ ਹੋਰ ਰਿਸ਼ਤੇਦਾਰ ਲੜਕੀ ਤੋਂ ਇਲਾਵਾ ਪਿੰਡ ਦੀ ਇੱਕ ਮਹਿਲਾ ਨਿਰਮਲ ਕੌਰ ਨੇ ਬੇਚੈਨੀ, ਘਬਰਾਹਟ ਅਤੇ ਗਲੇ ਵਿੱਚ ਖੁਰਕ ਦੀ ਤਕਲੀਫ਼ ਮਹਿਸੂਸ ਕੀਤੀ।
ਸਰਪੰਚ ਨੇ ਦੱਸਿਆ ਕਿ ਫਾਾਇਰ ਬ੍ਰਿਗੇਡ ਦੇ ਅਮਲੇ ਨੇ ਮੌਕੇ ’ਤੇ ਪੁੱਜ ਕੇ ਸਿਲੰਡਰ ਨੂੰ ਚੁੱਕ ਕੇ ਟੋਭੇ ਵਿੱਚ ਸੁੱਟ ਦਿੱਤਾ। ਸਰਪੰਚ ਹਰਿੰਦਰ ਜੋਨੀ ਨੇ ਦੱਸਿਆ ਕਿ ਗੈਸ ਨਾਲ ਸਮੁੱਚੇ ਪਿੰਡ ਵਿੱਚ ਲੱਗੇ ਹੋਏ ਫੁੱਲ-ਬੂਟੇ, ਘਰੇਲੂ ਬਗੀਚੀਆਂ ਵਿੱਚ ਲੱਗੀਆਂ ਹੋਈਆਂ ਸਬਜ਼ੀਆਂ ਦੀਆਂ ਵੇਲਾਂ ਵੀ ਪ੍ਰਭਾਵਿਤ ਹੋਈਆਂ ਹਨ ਤੇ ਬੁਰੀ ਤਰਾਂ ਮੁਰਝਾ ਗਈਆਂ ਹਨ। ਇਸੇ ਦੌਰਾਨ ਜਲ ਸਪਲਾਈ ਵਿਭਾਗ ਦੇ ਐਕਸੀਅਨ ਸਾਹਿਲ ਸ਼ਰਮਾ ਨੇ ਦੱਸਿਆ ਕਿ ਬਲੌਂਗੀ ਦੀ ਘਟਨਾ ਤੋਂ ਬਾਅਦ ਸਾਰੀਆਂ ਟੈਂਕੀਆਂ ਉੱਤੋਂ ਕਲੋਰੀਨ ਦੇ ਪੁਰਾਣੇ ਅਣਵਰਤੇ ਸਿਲੰਡਰ ਚੁਕਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਲੰਡਰ ਵਿੱਚ ਮਾਮੂਲੀ ਗੈਸ ਸੀ।