ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 19 ਸਤੰਬਰ
ਹਲਕੇ ਅੰਦਰ ਵੱਡੀ ਪੱਧਰ ’ਤੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਚੀਨੀ ਵਾਇਰਸ ਕਾਰਨ ਖਰਾਬ ਹੋਈ ਹੈ, ਜਿਸ ਕਾਰਨ ਹਲਕੇ ਦੇ ਕਿਸਾਨਾਂ ਅੰਦਰ ਨਿਰਾਸਾ ਪਾਈ ਜਾ ਰਹੀ ਹੈ। ਇਸ ਨੂੰ ਲੈ ਕੇ ਅੱਜ ਹਲਕਾ ਡੇਰਾਬੱਸੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਹਲਕੇ ਦੇ ਕਿਸਾਨਾਂ ਨਾਲ ਸਰਕਾਰ ਤੋਂ ਵਾਜ਼ਬਿ ਮੁਆਵਜ਼ੇ ਦੀ ਮੰਗ ਕਰਦਿਆਂ ਐੱਸਡੀਐੱਮ ਡੇਰਾਬੱਸੀ ਨੂੰ ਇਕ ਮੰਗ ਪੱਤਰ ਸੌਂਪਿਆ। ਮੰਗ ਪੱਤਰ ਸੌਂਪਦਿਆਂ ਸ੍ਰੀ ਸ਼ਰਮਾ ਨੇ ਦੱਸਿਆ ਕਿ ਕਿਸਾਨਾਂ ਦਾ ਇਕ ਏਕੜ ਪਿਛੇ ਘੱਟੋ ਘੱਟ 30 ਹਜ਼ਾਰ ਰੁਪਏ ਪ੍ਰਤੀ ਏਕੜ ਝੋਨੇ ਦੀ ਫ਼ਸਲ ’ਤੇ ਖਰਚ ਹੋਇਆ ਹੈ। ਉਨ੍ਹਾਂ ਕਿਹਾ ਹਲਕੇ ਅੰਦਰ ਹਜ਼ਾਰਾਂ ਏਕੜ ਫ਼ਸਲ ਇਸ ਵਾਇਰਸ ਕਾਰਨ ਖਰਾਬ ਹੋ ਗਈ ਹੈ। ਐਨ.ਕੇ.ਸ਼ਰਮਾ ਨੇ ਐਸ.ਡੀ.ਐਮ ਨੂੰ ਮੰਗ ਪੱਤਰ ਸੌਂਪਦਿਆਂ ਸਰਕਾਰ ਤੋਂ ਮੰਗ ਕੀਤੀ ਜਲਦੀ ਤੋਂ ਹਲਕੇ ਵਿਚ ਪ੍ਰਭਾਵਿਤ ਹੋਈਆਂ ਫਸਲਾਂ ਦੀ ਗਿਰਦਾਵਰੀ ਕਰਵਾਈ ਜਾਵੇ ਅਤੇ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਐੱਸਡੀਐੱਮ ਹਿਮਾਂਸ਼ੂ ਗੁਪਤਾ ਨੇ ਭਰੋਸਾ ਦਿਵਾਇਆ ਉਹ ਛੇਤੀ ਹੀ ਗਿਰਦਾਵਰੀ ਸਬੰਧੀ ਡਿਪਟੀ ਕਮਿਸ਼ਨਰ ਮੁਹਾਲੀ ਨਾਲ ਰਾਬਤਾ ਕਾਇਮ ਕਰਨਗੇ।
ਕਿਸਾਨ ਯੂਨੀਅਨ ਪੁਆਧ ਵੱਲੋਂ ਮੁਆਵਜ਼ੇ ਦੀ ਮੰਗ
ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਪੁਆਧ ਵੱਲੋਂ ਇਤਿਹਾਸਕ ਗੁਰਦੁਆਰਾ ਨਾਭਾ ਸਾਹਿਬ ਵਿੱਚ ਇਕ ਅਹਿਮ ਮੀਟਿੰਗ ਕਰ ਅਹਿਮ ਮਸਲਿਆਂ ’ਤੇ ਵਿਚਾਰ ਚਰਚਾ ਕੀਤੀ। ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਮਜਬੂਰੀ ਵਿੱਚ ਖ਼ਰਾਬ ਹੋਈ ਆਪਣੀ ਖੜ੍ਹੀ ਫਸਲ ਨੂੰ ਵਾਹੁਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਖ਼ਰਾਬ ਹੋਈ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਜਥੇਬੰਦੀ ਨੇ ਮੰਗ ਕੀਤੀ ਕਿ ਬਨੂੜ ਅਤੇ ਡੇਰਾਬੱਸੀ ਦੇ ਪੁਆਧ ਖੇਤਰ ਵਿੱਚ ਨਹਿਰੀ ਪਾਣੀ ਦਿੱਤਾ ਜਾਏ।