ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 22 ਅਕਤੂਬਰ
ਮੁਹਾਲੀ ਸ਼ਹਿਰ ਦੇ ਸੈਕਟਰ 81 ਵਿੱਚ ਆ ਚੁੱਕੇ ਪਿੰਡ ਚਿੱਲਾ ਦੇ ਵਸਨੀਕ ਦੇਸ਼ ਭਰ ਵਿੱਚ 24 ਅਕਤੂਬਰ ਨੂੰ ਮਨਾਈ ਜਾ ਰਹੀ ਦੀਵਾਲੀ ਦੀ ਥਾਂ 25 ਅਕਤੂਬਰ ਮੰਗਲਵਾਰ ਨੂੰ ਦੀਵਾਲੀ ਦਾ ਤਿਉਹਾਰ ਮਨਾਉਣਗੇ। ਪਿੰਡ ਵਿੱਚ ਇਹ ਪਰੰਪਰਾ ਸਦੀਆਂ ਪੁਰਾਣੀ ਹੈ ਤੇ ਪਿੰਡ ਵਾਸੀ ਇਸ ਨੂੰ ਛੱਡਣ ਲਈ ਤਿਆਰ ਨਹੀਂ ਹਨ। ਪਿੰਡ ਚਿੱਲਾ ਦੇ ਮੋਹਤਬਰ ਅਜੈਬ ਸਿੰਘ ਗਿੱਲ, ਅਮਰਜੀਤ ਸਿੰਘ ਗਿੱਲ, ਮੇਵਾ ਸਿੰਘ ਗਿੱਲ, ਨੰਬਰਦਾਰ ਮੇਵਾ ਸਿੰਘ, ਰਚਨ ਸਿੰਘ ਗਿੱਲ, ਪਰਵਿੰਦਰ ਸਿੰਘ ਗਿੱਲ, ਕਿਸਾਨ ਆਗੂ ਕੁਲਵੰਤ ਸਿੰਘ, ਅਮਰੀਕ ਸਿੰਘ ਗਿੱਲ, ਸੁਖਚੈਨ ਸਿੰਘ, ਰਮਨਜੀਤ ਸਿੰਘ, ਮਲਕੀਤ ਸਿੰਘ ਗਿੱਲ, ਕਾਲਾ ਗਿੱਲ ਅਤੇ ਪ੍ਰੋ ਜਗਤਾਰ ਸਿੰਘ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਜਦੋਂ ਪਿੰਡ ਦੇ ਸਾਰੇ ਪਸ਼ੂ ਪਿੰਡੋਂ ਬਾਹਰ ਇੱਕੋ ਥਾਂ ਖੜ੍ਹਿਆ ਕਰਦੇ ਸਨ, ਉਦੋਂ ਦੀਵਾਲੀ ਵਾਲੀ ਰਾਤ ਜਦੋਂ ਪਿੰਡ ਵਾਸੀ ਦੀਵਾਲੀ ਦਾ ਮੱਥਾ ਟੇਕਣ ਦੀ ਤਿਆਰੀ ਕਰ ਰਹੇ ਸਨ ਤਾਂ ਮੱਝਾਂ ਤੇ ਹੋਰ ਪਸ਼ੂਆਂ ਦਾ ਸਮੁੱਚਾ ਵੱਗ ਆਪ-ਮੁਹਾਰੇ ਕਿੱਧਰੇ ਨਿਕਲ ਤੁਰਿਆ। ਪਿੰਡ ਦੇ ਮਰਦ ਪਸ਼ੂਆਂ ਦੀ ਭਾਲ ਲਈ ਪਿੱਛੇ ਗਏ ਅਤੇ ਘਰਾਂ ਵਿੱਚ ਬੈਠੀਆਂ ਸੁਆਣੀਆਂ ਨੇ ਵੀ ਦੀਵਾਲੀ ਦਾ ਮੱਥਾ ਟੇਕਣਾ ਚੰਗਾ ਨਹੀਂ ਸਮਝਿਆ। ਦੇਰ ਰਾਤੀਂ ਜਦੋਂ ਪਿੰਡ ਵਾਸੀ ਪਸ਼ੂਆਂ ਦੇ ਵੱਗ ਨੂੰ ਮੋੜ ਕੇ ਲਿਆਏ, ਉਦੋਂ ਪਹਿਰ ਰਾਤ ਗੁਜ਼ਰ ਗਈ ਸੀ। ਥੱਕੇ-ਟੁੱਟੇ ਪਿੰਡ ਵਾਸੀਆਂ ਨੇ ਪਸ਼ੂਆਂ ਦੇ ਆਪ-ਮੁਹਾਰੇ ਚਲੇ ਜਾਣ ਨੂੰ ਅਸ਼ੁੱਭ ਮੰਨਦਿਆਂ ਦੂਜੇ ਦਿਨ ਦੀਵਾਲੀ ਦਾ ਮੱਥਾ ਟੇਕਣ ਦਾ ਫ਼ੈਸਲਾ ਕਰ ਲਿਆ।
ਸਦੀਆਂ ਪੁਰਾਣੀ ਇਸ ਘਟਨਾ ਮਗਰੋਂ ਅੱਜ ਤੱਕ ਪਿੰਡ ਚਿੱਲਾ ਦੇ ਸਮੁੱਚੇ ਵਸਨੀਕ ਦੀਵਾਲੀ ਤੋਂ ਦੂਜੇ ਦਿਨ ਦੀਵਾਲੀ ਮਨਾਉਂਦੇ ਆ ਰਹੇ ਹਨ। ਨਵੀਂ ਪੀੜ੍ਹੀ ਵੀ ਆਪਣੀ ਪਿਤਾ-ਪੁਰਖੀ ਪਰੰਪਰਾ ਨੂੰ ਛੱਡਣ ਦੇ ਰੌਂਅ ਵਿੱਚ ਨਹੀਂ ਹੈ। ਦੀਵਾਲੀ ਵਾਲੀ ਰਾਤ ਨੂੰ ਪਿੰਡ ਦੇ ਬਹੁਤੇ ਵਸਨੀਕ ਰਿਸ਼ਤੇਦਾਰਾਂ ਦੇ ਘਰ ਦੀਵਾਲੀ ਮਨਾਉਣ ਚਲੇ ਜਾਂਦੇ ਹਨ ਤੇ ਚਿੱਲੇ ਦੀ ਦੀਵਾਲੀ ਵਾਲੇ ਦਿਨ ਪਿੰਡ ਵਿੱਚ ਮੇਲੇ ਵਰਗਾ ਮਾਹੌਲ ਬਣਿਆਂ ਹੁੰਦਾ ਹੈ। ਹਰ ਘਰ ਵਿੱਚ ਦਰਜਨਾਂ ਮਹਿਮਾਨ ਪਿੰਡ ਚਿੱਲਾ ਦੀ ਦੀਵਾਲੀ ਮਨਾਉਣ ਆਉਂਦੇ ਹਨ। ਬਾਹਰਲੇ ਕਸਬਿਆਂ ਤੋਂ ਆ ਕੇ ਦੁਕਾਨਦਾਰ ਪਿੰਡ ਵਿੱਚ ਦੁਕਾਨਾਂ ਸਜਾ ਕੇ ਆਪਣੀਆਂ ਵਸਤਾਂ ਵੇਚਦੇ ਹਨ।
ਪਿੰਡ ਵਿੱਚ ਪਹਿਲਾਂ ਦੀਵਾਲੀ ਵਾਲੇ ਦਿਨ ਬੱਕਰੇ ਦੀ ਬਲੀ ਦਿੱਤੀ ਜਾਂਦੀ ਸੀ ਪਰ ਕਈ ਦਹਾਕਿਆਂ ਤੋਂ ਇਹ ਪਿਰਤ ਬੰਦ ਕਰ ਦਿੱਤੀ ਗਈ ਹੈ।
ਦੀਵਾਲੀ ਮੌਕੇ ਖੇਡ ਮੁਕਾਬਲੇ ਅਤੇ ਖੂਨਦਾਨ ਕੈਂਪ ਲਾਉਣ ਦਾ ਫ਼ੈਸਲਾ
ਪਿੰਡ ਚਿੱਲਾ ਦੀ ਦੀਵਾਲੀ ਵਾਲੇ ਦਿਨ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ। ਇਸ ਵਾਰ ਪਿੰਡ ਵਿੱਚ 25 ਅਕਤੂਬਰ ਨੂੰ ਗੁਰਮਿਤ ਸਮਾਗਮ ਕਰਵਾਇਆ ਜਾਵੇਗਾ, ਜਦਕਿ ਇਸੇ ਦਿਨ ਖੂਨ ਦਾਨ ਕੈਂਪ ਅਤੇ ਬੱਚਿਆਂ ਦੀਆਂ ਵੱਖ-ਵੱਖ ਖੇਡਾਂ ਕਰਵਾਈਆਂ ਜਾਣਗੀਆਂ। ਖੇਡ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡੇ ਜਾਣਗੇ।