ਪੀਪੀ ਵਰਮਾ
ਪੰਚਕੂਲਾ, 20 ਜੁਲਾਈ
ਮੋਰਨੀ ਬਲਾਕ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਬੱਚੇ ਨਦੀ ਪਾਰ ਕਰਕੇ ਸਕੂਲ ਜਾਂਦੇ ਹਨ। ਭਾਰੀ ਬਰਸਾਤ ਕਾਰਨ ਮਾਪਿਆਂ ਦੀ ਚਿੰਤਾ ਉਸ ਸਮੇਂ ਵੱਧ ਜਾਂਦੀ ਹੈ ਜਦੋਂ ਨਦੀ ਚੜ੍ਹੀ ਹੁੰਦੀ ਹੈ। ਬਰਸਾਤਾਂ ਵਿੱਚ ਨਦੀ ਦੇ ਕਿਨਾਰੇ ਬੱਚਿਆਂ ਦੇ ਮਾਪੇ ਖੜ੍ਹ ਜਾਂਦੇ ਹਨ ਅਤੇ ਫਿਰ ਆਪਣੇ ਬੱਚਿਆਂ ਨੂੰ ਪਿੱਠ ਦੇ ਬਿਠਾ ਕੇ ਇਹ ਨਦੀ ਪਾਰ ਕਰਾਉਂਦੇ ਹਨ। ਪਿੰਡ ਦੇ ਵਸਨੀਕ ਜਸਵੰਤ ਸ਼ਰਮਾ ਨੇ ਦੱਸਿਆ ਕਿ ਬਾਬੜ ਵਾਲੀ ਨਦੀ ਉੱਤੇ ਪੁਲ ਨਾ ਹੋਣ ਕਾਰਨ ਬੱਚਿਆਂ ਨੂੰ ਦੁਧਲਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ ਲਈ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਟਿੱਕਰਤਾਲ ਦੇ ਸਕੂਲ ਜਾਣ ਵੇਲੇ ਬੱਚਿਆਂ ਨੂੰ ਬਰਸਾਤੀ ਨਦੀ ਪਾਰ ਕਰਨੀ ਪੈਂਦੀ ਹੈ। ਇਸ ਸਬੰਧ ਵਿੱਚ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਗੱਲ ਹੁਣੇ ਹੀ ਮੀਡੀਆ ਰਾਹੀਂ ਆਈ ਹੈ। ਡੀਸੀ ਮਹਾਂਵੀਰ ਕੌਸ਼ਿਕ ਨੇ ਦੱਸਿਆ ਕਿ ਜਲਦੀ ਹੀ ਸਿੰਚਾਈ ਵਿਭਾਗ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਪੁਲ ਦਾ ਮਾਮਲਾ ਜਲਦੀ ਹੀ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫਿਲਹਾਲ ਪ੍ਰਸ਼ਾਸਨ ਨੇ ਨਦੀਆਂ ਕਿਨਾਰੇ ਜਾਣ ਤੋਂ ਰੋਕ ਲਗਾ ਰੱਖੀ ਹੈ ਤੇ ਨਦੀਆਂ ਦੇ ਆਸ ਪਾਸ ਧਾਰਾ 144 ਲਗਾਈ ਹੋਈ ਹੈ।
ਬਰਸਾਤ ਕਾਰਨ ਪੰਚਕੂਲਾ ਹੋਇਆ ਪਾਣੀ-ਪਾਣੀ
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਹੋਈ ਬਰਸਾਤ ਨੇ ਸ਼ਹਿਰ ਨੂੰ ਜਲਥਲ ਕਰ ਦਿੱਤਾ। ਸਵੇਰੇ ਦੋ-ਢਾਈ ਘੰਟੇ ਲਗਾਤਾਰ ਹੋਈ ਬਰਸਾਤ ਕਾਰਨ ਪੰਚਕੂਲਾ ਦੀਆਂ ਹਾਊਸਿੰਗ ਸੁਸਾਇਟੀਆਂ ਦੇ ਅੰਦਰ ਬਾਹਰ ਪਾਣੀ ਭਰ ਗਿਆ। ਪਾਣੀ ਕਾਰਨ ਸੀਵਰੇਜ ਓਵਰਫਲੋ ਹੋ ਗਏ। ਸੈਕਟਰ-19 ਜਿੱਥੇ ਰੇਲਵੇ ਅੰਡਰਪਾਥ ਬਣ ਰਿਹਾ ਹੈ ਉੱਥੇ ਪਾਣੀ ਖੜ੍ਹਾ ਹੋ ਗਿਆ ਜਿਸ ਨੂੰ ਪਾਰ ਕਰਨ ਲਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਕਤੀ ਭਵਨ ਚੌਕ, ਤਵਾ ਚੌਕ, ਲੇਬਰ ਚੌਕ, ਪਰਸ਼ੂਰਾਮ ਚੌਕ ਵਿੱਚ ਬਰਸਾਤੀ ਪਾਣੀ ਇਕੱਠਾ ਹੋਣ ਕਾਰਨ ਸਵੇਰੇ ਸਵੇਰੇ ਡਿਊਟੀ ’ਤੇ ਜਾਣ ਵਾਲੇ ਲੋਕਾਂ ਦੇ ਵਾਹਨ ਪਾਣੀ ਵਿੱਚ ਖੜ੍ਹ ਗਏ ਅਤੇ ਕਈ ਲੋਕ ਆਪਣੇ ਵਾਹਨਾਂ ਨੂੰ ਧੱਕਾ ਲਗਾ ਕੇ ਪਾਣੀ ਵਿੱਚੋਂ ਬਾਹਰ ਕੱਢਦੇ ਦਿਖਾਈ ਦਿੱਤੇ।