ਅਤਰ ਸਿੰਘ
ਡੇਰਾਬੱਸੀ, 28 ਅਕਤੂਬਰ
ਕਾਨੂੰਨ ਮੁਤਾਬਕ ਦੁਕਾਨਦਾਰ, ਫੈਕਟਰੀਆਂ ਦਾ ਮਾਲਕ ਜਾਂ ਮਕਾਨ ਮਾਲਕ 14 ਸਾਲਾਂ ਦੀ ਉਮਰ ਤੋਂ ਘੱਟ ਬੱਚਿਆਂ ਨੂੰ ਨੌਕਰ ਨਹੀਂ ਰੱਖ ਸਕਦ। ਇਸ ਦੇ ਬਾਵਜੂਦ ਡੇਰਾਬੱਸੀ ਅਤੇ ਨੇੜੇ ਪੈਂਦੇ ਪਿੰਡਾਂ ਵਿੱਚ ਵੀ ਢਾਬਿਆਂ ਅਤੇ ਹਲਵਾਈ ਦੀ ਦੁਕਾਨਾਂ ’ਤੇ ਬੱਚੇ ਕੰਮ ਕਰਦੇ ਆਮ ਵੇਖੇ ਜਾ ਸਕਦੇ ਹਨ। ਬੇਸ਼ਕ ਭਾਰਤ ਸਰਕਾਰ ਨੇ ਗਰੀਬ ਬੱਚਿਆਂ ਲਈ ਮੁਫ਼ਤ ਪੜ੍ਹਾਈ ਤੇ ਹਰ ਬੱਚੇ ਲਈ ਪੜ੍ਹਾਈ ਲਾਜ਼ਮੀ ਕਰਨ ਦਾ ਐਲਾਨ ਕੀਤਾ ਹੋਇਆ ਹੈ, ਪਰ ਸੂਬਾ ਸਰਕਾਰ ਵੱਲੋਂ ਇਸ ਦਿਸ਼ਾ ਵੱਲ ਬਹੁਤਾ ਉਪਰਾਲਾ ਨਹੀਂ ਕੀਤਾ ਜਾ ਰਿਹਾ।
ਸੂਤਰਾਂ ਅਨੁਸਾਰ ‘ੲੈਜੂਕੇਸ਼ਨ ਬਿੱਲ’ ਵਿੱਚ ਦੱਸਿਆ ਗਿਆ ਹੈ ਕਿ ਗ਼ੈਰ ਸਰਕਾਰੀ ਤੇ ਪਬਲਿਕ ਸਕੂਲਾਂ ਵਿੱਚ 25 ਫ਼ੀਸਦ ਸੀਟਾਂ ਗਰੀਬ ਬੱਚਿਆਂ ਲਈ ਰਾਖਵੀਆਂ ਹੋਣਗਿਆਂ, ਪਰ ਬਹੁਤੇ ਲੋੜਵੰਦ ਪਰਿਵਾਰਾਂ ਨੂੰ ਇਸ ਸਬੰਧੀ ਜਾਣਕਾਰੀ ਹੀ ਨਹੀਂ ਹੈ। ਇਸ ਤੋਂ ਇਲਾਵਾ ਆਰਥਿਕ ਪੱਖੋਂ ਤੰਗ ਵੱਡੀ ਗਿਣਤੀ ਪਰਿਵਾਰਾਂ ਵੱਲੋਂ ਆਪਣੇ ਬੱਚਿਆਂ ਨੂੰ ਮਜ਼ਦੂਰੀ ਕਰਨ ਲਈ ਭੇਜਿਆ ਜਾਂਦਾ ਹੈ। ਬਾਲ ਮਜ਼ਦੂਰੀ ਕਰਨ ਵਾਲੇ ਬਹੁਤੇ ਬੱਚੇ ਚਾਹ ਦੀ ਦੁਕਾਨਾਂ, ਗੰਨੇ ਦੇ ਰਸ ਦੀਆਂ ਰੇਹੜਿਆਂ ਜਾਂ ਢਾਬਿਆਂ ’ਤੇ ਕੰਮ ਕਰਦੇ ਤੇ ਇਨ੍ਹਾਂ ਥਾਵਾਂ ’ਤੇ ਕੰਮ ਕਰਨ ਸਬੰਧੀ ਜ਼ਿਆਦਾਤਰ ਨਿਯਮਾਂ ਦੀ ਪਾਲਣਾ ਹੀ ਨਹੀਂ ਕੀਤੀ ਜਾਂਦੀ। ਬਾਲ ਮਜ਼ਦੂਰਾਂ ਵਿੱਚੋਂ ਵੱਡੀ ਗਿਣਤੀ ਬੱਚੇ ਸਿਹਤ ਸੰਭਾਲ, ਸਿੱਖਿਆ, ਪਰਿਵਾਰਾਂ ਦੀ ਸੁਰੱਖਿਆ ਤੇ ਸਰਕਾਰ ਵੱਲੋਂ ਲਾਗੂ ਕੀਤੀਆਂ ਸਕੀਮਾਂ ਦਾ ਲਾਭ ਨਹੀਂ ਲੈ ਰਹੇ। ਬਾਲ ਮਜ਼ਦੂਰੀ ਨੂੰ ਖ਼ਤਮ ਕਰਨ ਲਈ ਅਤੇ ਇਸ ਦੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸਰਕਾਰੀ ਮਸ਼ੀਨਰੀ ਨੂੰ ਬਹੁਤ ਸਰਗਰਮ ਹੋਣ ਦੀ ਲੋੜ ਹੈ। ਇਹ ਬਾਲ ਮਜ਼ਦੂਰ ਨਿਗੂਣੀਆਂ ਤਨਖਾਹਾਂ ’ਤੇ 8 ਤੋਂ 10 ਘੰਟੇ ਲਗਾਤਾਰ ਕੰਮ ਕਰਦੇ ਹਨ। ਵਪਾਰੀ ਜਾਂ ਦੁਕਾਨਦਾਰ ਆਪਣੇ ਲਾਭ ਲਈ ਗ਼ੈਰਕਾਨੂੰਨੀ ਢੰਗ ਨਾਲ ਬਾਲ ਮਜ਼ਦੂਰੀ ਕਰਵਾਉਂਦੇ ਹਨ।
ਬਾਲ ਮਜ਼ਦੂਰੀ ਕਰਵਾਊਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ: ਏਡੀਸੀ
ਇਸ ਸਬੰਧ ਵਿੱਚ ਜਦੋਂ ਏਡੀਸੀ ਆਸ਼ੀਕਾ ਜੈਨ ਨਾਲ ਗਲ ਕੀਤੀ ਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਬਾਲ ਮਜ਼ਦੂਰੀ ਕਰਵਾਉਣਾ ਜਾਂ ਕਰਨਾ ਸਰਕਾਰ ਵੱਲੋਂ ਬਣਾਏ ਕਾਨੂੰਨ ਦੀ ਉਲੰਘਣਾ ਹੈ ਅਤੇ ਜੋ ਕੋਈ ਵੀ ਦੁਕਾਨਦਾਰ ਜਾਂ ਢਾਬੇ ਵਾਲਾ ਘੱਟ ਉਮਰ ਦੇ ਬੱਚਿਆਂ ਨੂੰ ਕੰਮ ਕਰਨ ਲਈ ਰੱਖੇਗਾ ਜਾਂ ਕੋਈ ਬੱਚਾ ਕੰਮ ਕਰਦਾ ਪਾਇਆ ਗਿਆ ਤਾਂ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।