ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 2 ਨਵੰਬਰ
ਦੇਸ਼ ਭਰ ਵਿੱਚ ਦੀਵਾਲੀ ਚਾਰ ਨਵੰਬਰ ਨੂੰ ਮਨਾਈ ਜਾ ਰਹੀ ਹੈ ਪਰ ਪਿੰਡ ਚਿੱਲਾ ਦੇ ਵਸਨੀਕ ਇਹ ਤਿਉਹਾਰ ਪੰਜ ਨਵੰਬਰ ਨੂੰ ਮਨਾਉਣਗੇ। ਸਦੀਆਂ ਪੁਰਾਣੀ ਪਰੰਪਰਾ ਅਨੁਸਾਰ ਇੱਥੇ ਇੱਕ ਦਿਨ ਬਾਅਦ ਦੀਵਾਲੀ ਮਨਾਈ ਜਾਂਦੀ ਹੈ। ਪਿੰਡ ਚਿੱਲਾ ਦੀ ਸਰਪੰਚ ਸ਼ਮਸ਼ੇਰ ਕੌਰ, ਸਾਬਕਾ ਸਰਪੰਚ ਅਜੈਬ ਸਿੰਘ, ਅਮਰਜੀਤ ਸਿੰਘ ਗਿੱਲ, ਮੇਵਾ ਸਿੰਘ ਗਿੱਲ, ਨੰਬਰਦਾਰ ਮੇਵਾ ਸਿੰਘ, ਰਚਨ ਸਿੰਘ ਗਿੱਲ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਇਹ ਪਿਰਤ ਬਹੁਤ ਪੁਰਾਣੀ ਹੈ। ਉਨ੍ਹਾਂ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਪਿੰਡ ਦੇ ਸਾਰੇ ਪਸ਼ੂ ਪਿੰਡੋਂ ਬਾਹਰ ਇੱਕ ਥਾਂ ਰੱਖੇ ਜਾਂਦੇ ਸਨ। ਉਦੋਂ ਇੱਕ ਦੀਵਾਲੀ ਦੀ ਰਾਤ ਨੂੰ ਪਿੰਡ ਵਾਸੀ ਮੱਥਾ ਟੇਕਣ ਦੀ ਤਿਆਰੀ ਕਰ ਰਹੇ ਸਨ ਤਾਂ ਮੱਝਾਂ ਅਤੇ ਹੋਰ ਪਸ਼ੂਆਂ ਦਾ ਵੱਗ ਆਪ-ਮੁਹਾਰੇ ਕਿਤੇ ਚਲਾ ਗਿਆ। ਇਸ ਬਾਰੇ ਪਤਾ ਲੱਗਣ ’ਤੇ ਪਿੰਡ ਦੇ ਸਾਰੇ ਮਰਦਾਂ ਨੇ ਪਸ਼ੂਆਂ ਦੀ ਭਾਲ ਸ਼ੁਰੂ ਕਰ ਦਿੱਤੀ। ਮਰਦ ਮੈਂਬਰਾਂ ਦੀ ਗੈਰਹਾਜ਼ਰੀ ਵਿੱਚ ਘਰਾਂ ਵਿੱਚ ਰਹਿ ਗਈਆਂ ਔਰਤਾਂ ਨੇ ਵੀ ਦੀਵਾਲੀ ਦਾ ਮੱਥਾ ਟੇਕਣਾ ਚੰਗਾ ਨਹੀਂ ਸਮਝਿਆ। ਦੇਰ ਰਾਤ ਪਿੰਡ ਵਾਸੀ ਪਸ਼ੂਆਂ ਦੇ ਵੱਗ ਮੋੜ ਲਿਆਏ ਪਰ ਉਦੋਂ ਤੱਕ ਪਹਿਰ ਰਾਤ ਗੁਜ਼ਰ ਚੁੱਕੀ ਸੀ। ਥੱਕੇ-ਟੁੱਟੇ ਪਿੰਡ ਵਾਸੀਆਂ ਨੇ ਪਸ਼ੂਆਂ ਦੇ ਆਪ-ਮੁਹਾਰੇ ਚਲੇ ਜਾਣ ਨੂੰ ਅਸ਼ੁੱਭ ਮੰਨਦਿਆਂ ਦੂਜੇ ਦਿਨ ਦੀਵਾਲੀ ਦਾ ਮੱਥਾ ਟੇਕਣ ਦਾ ਫ਼ੈਸਲਾ ਕੀਤਾ। ਸਦੀਆਂ ਪੁਰਾਣੀ ਇਸ ਘਟਨਾ ਤੋਂ ਲੈ ਕੇ ਅੱਜ ਤੱਕ ਪਿੰਡ ਚਿੱਲਾ ਦੇ ਲੋਕ ਅਗਲੇ ਦਿਨ ਦੀਵਾਲੀ ਮਨਾਉਂਦੇ ਹਨ।