ਪੱਤਰ ਪ੍ਰੇਰਕ
ਪੰਚਕੂਲਾ, 27 ਸਤੰਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਦੇ ਇੰਦਰਧਨੁੱਸ਼ ਐਡੀਟੋਰੀਅਮ ਵਿੱਚ ਦੂਰਦਰਸ਼ਨ ਦੇ ਪ੍ਰਸਿੱਧ ਸੀਰੀਅਲ ‘ਸਵਰਾਜ’ ਦੀ ਵਿਸ਼ੇਸ਼ ਸਕਰੀਨਿੰਗ ਵੇਖੀ। ਮੁੱਖ ਮੰਤਰੀ ਨੇ ਕਿਹਾ ਕਿ ਸਕੂਲਾਂ, ਕਾਲਜਾਂ ਵਿੱਚ ਆਜ਼ਾਦੀ ਨਾਲ ਸਬੰਧਤ ਵੱਧ ਤੋਂ ਵੱਧ ਪ੍ਰੋਗਰਾਮ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਦੂਰਦਰਸ਼ਨ ਵੱਲੋਂ 1857 ਤੋਂ ਲੈ ਕੇ ਹੁਣ ਤੱਕ ਵਿਖਾਏ ਆਜ਼ਾਦੀ ਸਬੰਧੀ ਵੱਖ-ਵੱਖ ਲੜੀਵਾਰ ਸੀਰੀਅਲਾਂ ਦੀ ਤਾਰੀਫ ਕੀਤੀ। ਮੁੱਖ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਸਵਰਾਜ ਸ਼ਬਦ ਦਾ ਅਰਥ ਸਮਝਾਇਆ। ਉਥੇ ਹੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਚੰਡੀਮੰਦਰ ਦੇ ਇਤਿਹਾਸਕ ਮੰਦਰ ਵਿੱਚ ਮੱਥਾ ਟੇਕਿਆ। ਇਸ ਮੌਕੇ ਮੁੱਖ ਮੰਤਰੀ ਨੂੰ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਚੰਡੀਮਾਤਾ ਦੀ ਤਸੀਵਰ ਵੀ ਭੇਟ ਕੀਤੀ।