ਪੱਤਰ ਪ੍ਰੇਰਕ
ਪੰਚਕੂਲਾ, 21 ਜੁਲਾਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਹਰਿਆਣਾ ਵਿਕਾਸ ਦੇ ਮਾਮਲੇ ਵਿਚ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਰਾਜ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ਹੋਇਆ ਹੈ, ਜਿਸ ਦੇ ਨਤੀਜੇ ਵਜੋਂ ਨਿਵੇਸ਼ਕਾਂ ਲਈ ਹਰਿਆਣਾ ਸਭ ਤੋਂ ਪਸੰਦੀਦਾ ਸੂਬਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਵਿਕਾਸ ਲਈ ਸੜਕਾਂ ਜ਼ਰੂਰੀ ਹਨ ਅਤੇ ਜੇਕਰ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ ਤਾਂ ਸੂਬੇ ਅਤੇ ਦੇਸ਼ ਦੀ ਆਰਥਿਕ ਸਥਿਤੀ ਬਿਹਤਰ ਹੋਵੇਗੀ। ਇਸ ਲਈ ਬੁਨਿਆਦੀ ਢਾਂਚੇ ਕਾਰਨ ਸਾਰੇ ਬਕਾਇਆ ਕੰਮ ਸਾਲ 2024 ਤੱਕ ਮੁਕੰਮਲ ਕਰ ਲਏ ਜਾਣਗੇ। ਮੁੱਖ ਮੰਤਰੀ ਅੱਜ ਅਚਾਨਕ ਪਿੰਜੌਰ ਪੁੱਜੇ, ਜਿੱਥੇ ਉਨ੍ਹਾਂ ਪਿੰਜੌਰ ਬਾਈਪਾਸ ਦੇ ਨਿਰਮਾਣ ਕਾਰਜਾਂ ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਅਧਿਕਾਰੀਆਂ ਤੋਂ ਉਸਾਰੀ ਕਾਰਜਾਂ ਵਿੱਚ ਹੋ ਰਹੀ ਦੇਰੀ ਦੇ ਕਾਰਨਾਂ ਬਾਰੇ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਾਈਪਾਸ ਬੱਦੀ ਰੋਡ ’ਤੇ ਮਿਲੇਗਾ, ਜਿਸ ਨਾਲ ਹਰਿਆਣਾ ਦੇ ਨਾਲ-ਨਾਲ ਦੂਜੇ ਸੂਬਿਆਂ ਦੇ ਲੋਕਾਂ ਦੀ ਆਵਾਜਾਈ ਵੀ ਆਸਾਨ ਹੋਵੇਗੀ।