ਮੁਕੇਸ਼ ਕੁਮਾਰ
ਚੰਡੀਗੜ੍ਹ, 10 ਨਵੰਬਰ
ਚੰਡੀਗੜ੍ਹ ’ਚ ਪੂਰਵਾਂਚਲ ਵਾਸੀਆਂ ਦੇ ਤਿਉਹਾਰ ਛੱਠ ਪੂਜਾ ਨੂੰ ਲੈ ਕੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਸਮਾਗਮ ਕੀਤੇ ਗਏ। ਸਮਾਗਮਾਂ ਦੌਰਾਨ ਅੱਜ ਸ਼ਾਮ ਨੂੰ ਢਲਦੇ ਸੂਰਜ ਦੀ ਪੂਜਾ ਕੀਤੀ ਗਈ। ਸ਼ਹਿਰ ਵਿੱਚ ਪ੍ਰਸ਼ਾਸਨ ਵੱਲੋਂ ਛੱਠ ਪੂਜਾ ਲਈ ਇਥੋਂ ਦੇ ਸੈਕਟਰ 42 ਸਥਿਤ ਝੀਲ ’ਤੇ ਖਾਸ ਇੰਤਜ਼ਾਮ ਕੀਤੇ ਗਏ ਸਨ।
ਇਥੇ ਸੈਕਟਰ 42 ਦੀ ਝੀਲ, ਜੋ ਰੰਗ-ਬਿਰੰਗੀ ਰੌਸ਼ਨੀਆਂ ਦੇ ਰੰਗ ਵਿੱਚ ਰੰਗੀ ਹੋਈ ਸੀ, ਉੱਤੇ ਵੱਡੀ ਗਿਣਤੀ ਵਿੱਚ ਪੁੱਜੇ ਟ੍ਰਾਈਸਿਟੀ ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ ਸਮੇਤ ਆਸਪਾਸ ਦੇ ਹੋਰ ਇਲਾਕਿਆਂ ਵਿੱਚ ਰਹਿਣ ਵਾਲੇ ਪੂਰਵਾਂਚਲ ਵਾਸੀ ਵੱਡੀ ਗਿਣਤੀ ਵਿੱਚ ਪੁੱਜੇ ਅਤੇ ਅੱਜ ਦੀ ਇਸ ਪੂਜਾ ਵਿੱਚ ਸ਼ਾਮਲ ਹੋਏ। ਝੀਲ ਦੇ ਆਲੇ ਦੁਆਲੇ ਸਫ਼ਾਈ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਅਤੇ ਝੀਲ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। ਇਸ ਵਿੱਚ ਸਾਫ ਪਾਣੀ ਵੀ ਭਰਿਆ ਗਿਆ, ਜਿਸ ਵਿੱਚ ਅੱਧੇ ਧੜ ਖੜੇ ਹੋ ਕੇ ਪੂਰਵਾਂਚਲ ਵਾਸੀਆਂ ਨੇ ਸੂਰਜ ਦੇਵਤਾ ਦੀ ਪੂਜਾ ਕੀਤੀ। ਇਸ ਤੋਂ ਇਲਾਵਾ ਸੈਕਟਰ 49 ਦੀ ਈਐਡਬਲਿਊਐਸ ਕਲੋਨੀ ਵਿੱਚ ਬਣਾਏ ਗਏ ਆਰਜ਼ੀ ਸਰੋਵਰ ਵਿੱਚ ਵੀ ਪੂਰਵਾਂਚਲ ਵਾਸੀਆਂ ਵਲੋਂ ਢਲਦੇ ਸੂਰਜ ਦੀ ਪੂਜਾ ਕੀਤੀ ਗਈ। ਸੈਕਟਰ 47 ਸਥਿਤ ਏਅਰ ਫੋਰਸ ਕਲੋਨੀ ਵਿੱਚ ਵੀ ਛੱਠ ਪੂਜਾ ਕਮੇਟੀ ਵਲੋਂ ਵਿਸ਼ੇਸ਼ ਇੰਤਜ਼ਾਮ ਕੀਤੇ ਗਏ। ਇਥੇ ਕਮੇਟੀ ਵਲੋਂ ਛੱਠ ਪੂਜਾ ਲਈ ਵਿਸ਼ੇਸ਼ ਤੌਰ ਤੇ ਆਰਜ਼ੀ ਸਰੋਵਰ ਬਣਾਇਆ ਗਿਆ ਹੈ ਅਤੇ ਇਥੇ ਅੱਜ ਵੱਡੀ ਗਿਣਤੀ ਵਿੱਚ ਪੁੱਜੇ ਪੂਰਵਾਂਚਲ ਵਾਸੀਆਂ ਨੇ ਢਲਦੇ ਸੂਰਜ ਦੀ ਪੂਜਾ ਕੀਤੀ। ਛੱਠ ਪੂਜਾ ਕਮੇਟੀ ਦੇ ਪ੍ਰਧਾਨ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਥੇ ਪਿਛਲੇ ਕਈ ਸਾਲਾਂ ਤੋਂ ਛੱਠ ਪੂਜਾ ਲਈ ਇਹ ਸਮਾਗਮ ਕੀਤਾ ਜਾ ਰਿਹਾ ਹੈ।
ਚੰਡੀਗੜ੍ਹ ਦੇ ਪੂਰਵਾਂਚਲ ਵਿਕਾਸ ਮਹਾਸੰਘ ਦੇ ਪ੍ਰਧਾਨ ਸ਼ਸ਼ੀ ਸ਼ੰਕਰ ਤਿਵਾੜੀ ਨੇ ਦੱਸਿਆ ਕਿ ਪੂਰਵਾਂਚਲੀਆਂ ਲਈ ਦੀਵਾਲੀ ਤੋਂ ਬਾਅਦ ਛੱਠ ਪੂਜਾ ਵੱਡਾ ਤਿਉਹਾਰ ਹੈ। ਉਨ੍ਹਾਂ ਦੱਸਿਆ ਕਿ ਛੱਠ ਪੂਜਾ ਦੌਰਾਨ ਇੱਕ ਦਿਨ ਪਹਿਲਾਂ ਢਲਦੇ ਤੇ ਦੂਜੇ ਦਿਨ ਚੜ੍ਹਦੇ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਛੱਠ ਪੂਜਾ ਨੂੰ ਲੈ ਕੇ ਸ਼ਹਿਰ ਵਿੱਚ ਕਈ ਥਾਵਾਂ ’ਤੇ ਕੀਤੇ ਗਏ ਇੰਤਜ਼ਾਮਾਂ ਦੌਰਾਨ ਅੱਜ ਸ਼ਾਮ ਵੇਲੇ ਢਲਦੇ ਸੂਰਜ ਦੀ ਪੂਜਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਭਲਕੇ 11 ਨਵੰਬਰ ਨੂੰ ਸਵੇਰੇ ਚੜ੍ਹਦੇ ਸੂਰਜ ਦੀ ਪੂਜਾ ਕੀਤੀ ਜਾਵੇਗੀ ਅਤੇ ਇਸ ਪੂਜਾ ਤੋਂ ਬਾਅਦ ਇਹ ਛੱਠ ਪੂਜਾ ਸੰਪੂਰਨ ਹੋ ਜਾਵੇਗੀ।
ਛੱਠ ਪੂਜਾ ਕਰਕੇ ਸੈਕਟਰ 42 ਦੁਆਲੇ ਲੱਗਾ ਵਾਹਨਾਂ ਦਾ ਜਾਮ
ਚੰਡੀਗੜ੍ਹ(ਟਨਸ): ਸੈਕਟਰ 42 ਦੇ ਆਲੇ ਦੁਆਲੇ ਲੱਗਾ ਜਾਮ ਛੱਟ ਪੂਜਾ ਦੇ ਤਿਉਹਾਰ ਕਰਕੇ ਇਥੇ ਸੈਕਟਰ 42 ਦੀ ਨਵੀਂ ਝੀਲ ਨਜ਼ਦੀਕ ਵੱਡੀ ਗਿਣਤੀ ਸ਼ਰਧਾਲੂਆਂ ਦੇ ਇਕੱਠੇ ਹੋਣ ਕਰਕੇ ਮੁਹਾਲੀ ਤੇ ਚੰਡੀਗੜ੍ਹ ਨੂੰ ਵੰਡਦੀ ਸੜਕ ਸਮੇਤ ਨਾਲ ਲਗਦੀਆਂ ਹੋਰਨਾਂ ਸੜਕਾਂ ਦੁਆਲੇ ਵਾਹਨਾਂ ਦਾ ਜਾਮ ਲੱਗ ਗਿਆ। ਇਥੋਂ ਨਿੱਤ ਲੰਘਦੇ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਟਰੈਫਿਕ ਜਾਮ ਹੋਣ ਕਰਕੇ ਖਾਸਾ ਖੱਜਲ ਖੁਆਰ ਹੋਣਾ ਪਿਆ। ਤਿਉਹਾਰ ਦੇ ਮੱਦੇਨਜ਼ਰ ਭਾਵੇਂ ਟਰੈਫਿਕ ਪੁਲੀਸ ਤੇ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮ ਤਾਇਨਾਤ ਸਨ, ਪਰ ਵਾਹਨਾਂ ਦਾ ਘੜਮੱਸ ਪੈਣ ਕਰਕੇ ਆਮ ਲੋਕਾਂ ਦੇ ਨਾਲ ਉਨ੍ਹਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਟਰੈਫਿਕ ਪੁਲੀਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਨਾਲ ਵਾਹਨਾਂ ਦੀ ਆਵਾਜਾਈ ਨੂੰ ਇਕ ਪਾਸੇ ਤੋਂ ਰੋਕ ਕੇ ਦੂਜੇ ਵਾਹਨਾਂ ਨੂੰ ਉਥੋਂ ਕੱਢਿਆ ਤੇ ਫਿਰ ਜਾ ਕੇ ਕਿਤੇ ਜਾਮ ਵਿੱਚ ਫਸੇ ਲੋਕਾਂ ਨੂੰ ਸਾਹ ਆਇਆ।
ਛੱਠ ਪੂਜਾ ਦਾ ਤਿਉਹਾਰ ਸੱਭਿਆਚਾਰਕ ਵਿਰਾਸਤ ਨੂੰ ਮਜ਼ਬੂਤ ਬਣਾਵੇ: ਬੁਟੇਰਲਾ
ਚੰਡੀਗੜ੍ਹ(ਪੱਤਰ ਪ੍ਰੇਰਕ): ਪੂਰਵਾਂਚਲ ਯੁਵਾ ਸੇਵਾ ਸਮਿਤੀ ਵੱਲੋਂ ਛਠ ਪੂਜਾ ਦੇ ਪਵਿੱਤਰ ਤਿਉਹਾਰ ਮੌਕੇ ਅੱਜ ਸੈਕਟਰ 42 ਸਥਿਤ ਨਵੀਂ ਝੀਲ ਵਿਖੇ ਕੀਤੇ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਅਤੇ ਨਗਰ ਨਿਗਮ ਵਾਰਡ ਨੰਬਰ 10 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੀ ਪਹੁੰਚੇ। ਬੁਟੇਰਲਾ ਨੇ ਇਸ ਪਵਿੱਤਰ ਤਿਉਹਾਰ ਦੀ ਸਮੁੱਚੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਾਮਨਾ ਕੀਤੀ ਕਿ ਇਹ ਤਿਉਹਾਰ ਸੱਭਿਆਚਾਰ ਤੇ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਮਜ਼ਬੂਤ ਬਣਾਵੇ। ਸੇਵਾ ਸਮਿਤੀ ਦੇ ਪ੍ਰਧਾਨ ਬਰਜੇਸ਼ ਕੁਮਾਰ ਗੁਪਤਾ, ਜਨਰਲ ਸਕੱਤਰ ਧਨੰਜਯ ਰਾਏ ਅਤੇ ਰਮੇਸ਼ ਯਾਦਵ ਨੇ ਕੌਂਸਲਰ ਬੁਟੇਰਲਾ ਦਾ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ’ਤੇ ਧੰਨਵਾਦ ਕੀਤਾ। ਇਸ ਛਠ ਪੂਜਾ ਦੇ ਪ੍ਰੋਗਰਾਮ ਵਿੱਚ ਸੇਵਾ ਸਮਿਤੀ ਦੇ ਹੋਰਨਾਂ ਮੈਂਬਰਾਂ ਰਾਜਨ ਗੁਪਤਾ, ਗੁੱਡੂ ਸਾਹ, ਰਮੇਸ਼ ਚੌਧਰੀ, ਭਰਤ ਯਾਦਵ, ਹਰੀਕੇਸ਼ ਗੁਪਤਾ, ਹਰੇਸ਼ ਗੁਪਤਾ, ਛੋਟੇ ਲਾਲ ਗੁਪਤਾ ਸਮੇਤ ਓਮ ਪ੍ਰਕਾਸ਼ ਕਾਕਾ, ਨਵੀ ਚਾਵਲਾ, ਸੰਤ ਲਾਲ, ਮਾਸਟਰ ਸੰਜੀਵ, ਸ਼ੈਰੀ, ਬਲਵਿੰਦਰ ਸਿੰਘ, ਦਿਨੇਸ਼ ਗੁਪਤਾ, ਰਮਨ ਸ਼ਰਮਾ, ਹਰਸ਼ਪ੍ਰੀਤ ਸਿੰਘ, ਹਰਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।