ਜ਼ੀਰਕਪੁਰ (ਹਰਜੀਤ ਸਿੰਘ): ਇੱਥੋਂ ਦੇ ਛੱਤਬੀੜ ਚਿੜੀਆਘਰ ਨੂੰ ਕਰੋਨਾ ਦੇ ਵਧਦੇ ਪ੍ਰਭਾਵ ਦੇ ਚਲਦਿਆਂ ਐਤਵਾਰ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਛੱਤਬੀੜ ਚਿੜੀਆਘਰ ਸਿਰਫ਼ ਸੋਮਵਾਰ ਨੂੰ ਹੀ ਬੰਦ ਰਹਿੰਦਾ ਸੀ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਰੋਨਾ ਦੇ ਚਲਦਿਆਂ ਦੇਸ਼ ਵਿੱਚ ਲਾਗੂ ਕੀਤੇ ਲੌਕਡਾਊਨ ਦੌਰਾਨ ਲੰਘੇ ਸਾਲ ਛੱਤਬੀੜ ਚਿੜੀਆਘਰ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਸੀ। ਤਕਰੀਬਨ ਕਾਫੀ ਮਹੀਨੇ ਬੰਦ ਰੱਖਣ ਮਗਰੋਂ ਲੰਘੇ ਦਸ ਦਸੰਬਰ ਨੂੰ ਛੱਤਬੀੜ ਚਿੜੀਆਘਰ ਨੂੰ ਮੁੜ ਤੋਂ ਖੋਲ੍ਹਿਆ ਗਿਆ ਸੀ। ਪਰ ਹੁਣ ਜਦੋਂ ਦਾ ਇਸ ਨੂੰ ਖੋਲ੍ਹਿਆ ਗਿਆ ਹੈ, ਇੱਥੇ ਰੋਜ਼ਾਨਾ ਵੱਡੀ ਗਿਣਤੀ ਸੈਲਾਨੀ ਪਹੁੰਚ ਰਹੇ ਹਨ। ਇੱਥੇ ਪਹੁੰਚਣ ਵਾਲੇ ਸੈਲਾਨੀਆਂ ਦੀ ਤਾਦਾਤ 2700 ਪ੍ਰਤੀ ਦਿਨ ਤੱਕ ਪਹੁੰਚ ਗਈ ਹੈ। ਇਸ ਨੂੰ ਲੈ ਕੇ ਲੰਘੇ ਸਮੇਂ ਤੋਂ ਛੱਤਬੀੜ ਚਿੜੀਆਘਰ ਦਾ ਪ੍ਰਸ਼ਾਸਨ ਚਿੰਤਤ ਸੀ। ਡਿਪਟੀ ਕਮਿਸ਼ਨਰ ਮੁਹਾਲੀ ਵੱਲੋਂ ਛੱਤਬੀੜ ਚਿੜੀਆਘਰ ਨੂੰ ਐਤਵਾਰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਛੱਤਬੀੜ ਚਿੜੀਆਘਰ ਦੇ ਫੀਲਡ ਡਾਇਰੈਕਟਰ ਐਮ ਸੁਧਾਕਰ ਨੇ ਦੱਸਿਆ ਕਿ ਇਥੋਂ ਦੇ ਜਾਨਵਰਾਂ ਅਤੇ ਆਉਣ ਵਾਲੇ ਸੈਲਾਨੀਆਂ ਦੀ ਸੁਰੱਖਿਆ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ