ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 19 ਜੂਨ ਨੂੰ ਦਿੱਲੀ ਤੋਂ ਰਵਾਨਾ ਕੀਤੀ ਗਈ 44ਵੀਂ ਸ਼ਤਰੰਜ ਓਲੰਪਿਆਡ ਦੀ ਮਸ਼ਾਲ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਹੁੰਚੀ ਹੈ। ਇਸ ਮਸ਼ਾਲ ਦਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਰੌਕ ਗਾਰਡਨ ਵਿੱਚ ਸਵਾਗਤ ਕੀਤਾ। ਇਹ ਮਸ਼ਾਲ ਗ੍ਰੈਂਡਮਾਸਟਰ ਦੀਪ ਸੇਨ ਗੁਪਤਾ ਨੇ ਦਿੱਲੀ ਤੋਂ ਲਿਆ ਕੇ ਰਾਜਪਾਲ ਦੇ ਹਵਾਲੇ ਕੀਤੀ। ਸਮਾਗਮ ਤੋਂ ਬਾਅਦ ਸ੍ਰੀ ਪੁਰੋਹਿਤ ਨੇ ਮਸ਼ਾਲ ਨੂੰ ਮੁੜ ਦੀਪ ਸੇਨ ਗੁਪਤਾ ਦੇ ਹਵਾਲੇ ਕੀਤਾ ਅਤੇ ਉਹ ਮਸ਼ਾਲ ਲੈ ਕੇ ਪਟਿਆਲਾ ਵੱਲ ਰਵਾਨਾ ਹੋਏ। ਸ੍ਰੀ ਪੁਰੋਹਿਤ ਨੇ ਕਿਹਾ ਕਿ ਇਸ ਸਾਲ ਭਾਰਤ ਸ਼ਤਰੰਜ ਓਲੰਪਿਆਡ ਦੀ ਅਗਵਾਈ ਕਰ ਰਿਹਾ ਹੈ। ਸ਼ਤਰੰਤ ਓਲੰਪਿਆਡ 28 ਜੁਲਾਈ ਤੋਂ 10 ਅਗਸਤ ਤੱਕ ਚੇਨਈ ਵਿੱਚ ਕਰਵਾਈ ਜਾ ਰਹੀ ਹੈ। ਉਸ ਤੋਂ ਪਹਿਲਾਂ ਇਹ ਮਸ਼ਾਲ 40 ਦਿਨਾਂ ਵਿੱਚ ਦੇਸ਼ ਦੇ 75 ਸ਼ਹਿਰਾਂ ਤੋਂ ਹੁੰਦੇ ਹੋਏ ਚੇਨਈ ਪਹੁੰਚੇਗੀ। ਇਸ ਮੌਕੇ ਮੇਅਰ ਸਰਬਜੀਤ ਕੌਰ, ਸੰਜੇ ਟੰਡਨ, ਐੱਸਐੱਸਪੀ ਕੁਲਦੀਪ ਸਿੰਘ ਚਾਹਿਲ, ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਸਣੇ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।
ਸ਼ਤਰੰਜ ਓਲੰਪਿਆਡ ਮਸ਼ਾਲ ਦਾ ਮੁਹਾਲੀ ’ਚ ਸ਼ਾਨਦਾਰ ਸਵਾਗਤ
ਐੱਸ.ਏ.ਐੱਸ.ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): 44ਵੀਂ ਸ਼ਤਰੰਜ ਓਲੰਪਿਆਡ ਮਸ਼ਾਲ ਰਿਲੇਅ ਅੱਜ ਇੱਥੋਂ ਦੇ ਸੈਕਟਰ-65 ਦੇ ਗੋਲਫ ਰੇਂਜ ਵਿੱਚ ਪਹੁੰਚੀ, ਜਿਸ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੰਗੜਾ ਅਤੇ ਗਿੱਧਾ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਚੈੱਸ ਐਸੋਸੀਏਸ਼ਨ ਚੰਡੀਗੜ੍ਹ ਦੇ ਨੁਮਾਇੰਦਿਆਂ ਤੋਂ ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ, ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਅਤੇ ਚੈੱਸ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਥਾਪਰ ਵੱਲੋਂ ਮਸ਼ਾਲ ਪ੍ਰਾਪਤ ਕੀਤੀ ਗਈ।